ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸਤ ਨਾਲੋਂ ਸਿਧਾਂਤ ਵੱਧ ਪਿਆਰੇ: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਿਆਸੀ ਗੱਠਜੋੜ ਸਬੰਧੀ ਸਮਝੌਤਾ ਸਿਰੇ ਨਾ ਚੜ੍ਹਨ ’ਤੇ ਟਿੱਪਣੀ ਕਰਦਿਆਂ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਉੱਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਅਤੇ ਭਾਜਪਾ ਨਾਲ ਚੋਣ ਸਮਝੌਤੇ ਦੇ ਮਾਮਲੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਮੀਟਿੰਗ ਵਿੱਚ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਗੱਲ ਕਰਕੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਿਆਸਤ ਨਾਲੋਂ ਸਿਧਾਂਤ ਵੱਧ ਪਿਆਰੇ ਹਨ।
ਅੱਜ ਇੱਥੇ ਪਰਵਿੰਦਰ ਸੋਹਾਣਾ ਨੇ ਕਿਹਾ ਕਿ ਅਕਾਲੀ ਵਰਕਰ ਸੁਖਬੀਰ ਬਾਦਲ ਨਾਲ ਚਟਾਨ ਵਾਂਗ ਖੜੇ ਹਨ ਅਤੇ ਹਾਈ ਕਮਾਨ ਦਾ ਹਰ ਫ਼ੈਸਲਾ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੂਬਿਆਂ ਲਈ ਵੱਧ ਅਧਿਕਾਰ ਤੇ ਖ਼ੁਦ-ਮੁਖ਼ਤਿਆਰੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਹੱਕਾਂ, ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸਿੱਖ ਸੰਸਥਾਵਾਂ ਦੇ ਕੰਮ ਵਿੱਚ ਬੇਲੋੜੀ ਦਖ਼ਲਅੰਦਾਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ, ਹਰਿਆਣਾ ਵਿੱਚ ਬਣਾਈ ਵੱਖਰੀ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ’ਤੇ ਕਬਜ਼ੇ, ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲਣ ਲਈ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲਣ, ਐਨਐਸਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ, ਸੰਵਿਧਾਨ ਨੂੰ ਵੀ ਕਿਸੇ ਤਰੀਕੇ ਦਾ ਖੋਰਾ ਲਾਉਣ ਵਰਗੇ ਮੁੱਦੇ ਚੁੱਕ ਕੇ ਹਰ ਵਰਗ ਦੇ ਹਿੱਤਾਂ ਦੀ ਗੱਲ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਲਈ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫਿਰਕੂ ਸਦਭਾਵਨਾ ਘਟਦੀ ਜਾ ਰਹੀ ਹੈ ਜਦੋਂਕਿ ਅਕਾਲੀ ਦਲ ਹਮੇਸ਼ਾ ਅਮਨ ਸ਼ਾਂਤੀ ਤੇ ਸਦਭਾਵਨਾ ਕਾਇਮ ਕਰਨ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਮੰਗਾਂ ਦੇ ਹੱਕ ਵਿੱਚ ਅਕਾਲੀ ਦਲ ਹਮੇਸ਼ਾ ਡਟਿਆ ਰਿਹਾ ਅਤੇ ਅਜਿਹੀ ਕਿਸੇ ਪਾਰਟੀ ਨਾਲ ਸਮਝੌਤਾ ਕਰਨਾ ਗਵਾਰਾ ਨਹੀਂ ਕੀਤਾ ਜੋ ਪੰਜਾਬੀਆਂ ਦੇ ਹਿੱਤਾਂ ’ਤੇ ਡਾਕਾ ਮਾਰਨ ਦੀ ਪੈਰੋਕਾਰ ਹੋਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਹਿੱਤਾਂ ਨੂੰ ਦਰਕਿਨਾਰ ਕਰਕੇ ਰਾਜ ਸੱਤਾ ਹਾਸਿਲ ਕਰਨਾ ਸ਼੍ਰੋਮਣੀ ਅਕਾਲੀ ਦਲ ਤਾਂ ਏਜੰਡਾ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੇ ਉੱਤੇ ਕੋਈ ਸਟੈਂਡ ਸਪਸ਼ਟ ਨਹੀਂ ਕਰਦੀ ਸਗੋਂ ਸਾਰੀਆਂ ਹੀ ਪਾਰਟੀਆਂ ਪੰਜਾਬ ਨੂੰ ਲੁੱਟਣ ਅਤੇ ਪੁੱਟਣ ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਨਾਲ ਜੁੜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਖੇਤਰੀ ਪਾਰਟੀ ਹੀ ਖੇਤਰ ਦੇ ਲੋਕਾਂ ਦੇ ਹੱਕ ਵਿੱਚ ਪਹਿਰੇਦਾਰੀ ਕਰਦੀ ਹੈ ਜਦੋਂ ਕਿ ਦਿੱਲੀ ਤੋਂ ਕਮਾਂਡ ਹੋਣ ਵਾਲੀਆਂ ਪਾਰਟੀਆਂ ਕਦੇ ਵੀ ਸੂਬੇ ਦਾ ਭਲਾ ਨਹੀਂ ਕਰ ਸਕਦੀਆਂ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…