nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਮੁਹਾਲੀ ਦਾ ਥਾਣੇਦਾਰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਹਾਲੀ ਦੇ ਫੇਜ਼-11 ਵਿੱਚ ਤਾਇਨਾਤ ਏਐਸਆਈ ਜਸਵੀਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਟੈਕਸੀ ਚਾਲਕ ਹਿਮਾਂਸ਼ੂ ਪੁੱਤਰ ਕ੍ਰਿਸ਼ਨ ਨੰਦਨ ਵਾਸੀ ਭਿਵਾਨੀ ਰੋਡ, ਆਸ਼ਰਮ ਬਸਤੀ, ਤਹਿਸੀਲ ਅਤੇ ਜ਼ਿਲ੍ਹਾ ਜੀਂਦ (ਹਰਿਆਣਾ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਹੈ। ਇਸ ਸਮੇਂ ਸ਼ਿਕਾਇਤਕਰਤਾ ਪਿੰਡ ਬੜਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਟੈਕਸੀ ਚਲਾਉਂਦਾ ਹੈ।
ਟੈਕਸੀ ਚਾਲਕ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਕਰੀਬੀ ਦੋਸਤ ਗੁਰਿੰਦਰ ਸਿੰਘ ਬਾਠ ਇੰਗਲਿਸ਼ ਗੁਰੂ ਇਮੀਗਰੇਸ਼ਨ ਕੰਪਨੀ ਫੇਜ਼-10, ਮੁਹਾਲੀ ਵਿੱਚ ਨੌਕਰੀ ਕਰਦਾ ਸੀ। ਬਾਠ ਸਮੇਤ ਕੰਪਨੀ ਦੇ ਹੋਰਨਾਂ ਕਰਮਚਾਰੀਆਂ ਵਿਰੁੱਧ ਥਾਣਾ ਫੇਜ਼-11 ਵਿੱਚ ਧੋਖਾਧੜੀ ਅਤੇ ਹੋਰ ਧਰਾਵਾਂ ਤਹਿਤ ਪਰਚਾ ਦਰਜ ਹੈ। ਮਾਮਲੇ ਦੀ ਜਾਂਚ ਥਾਣੇਦਾਰ ਜਸਵੀਰ ਸਿੰਘ ਕਰ ਰਿਹਾ ਸੀ। ਇਸ ਮਾਮਲੇ ਵਿੱਚ ਉਹ ਪਹਿਲਾਂ ਵੀ ਕਈ ਵਾਰ ਤਫ਼ਤੀਸ਼ੀ ਅਫ਼ਸਰ ਨੂੰ ਮਿਲ ਚੁੱਕਾ ਹੈ। ਮੁਲਜ਼ਮ ਥਾਣੇਦਾਰ ਦਾ ਕਹਿਣਾ ਸੀ ਕਿ ਬਾਠ ਖ਼ਿਲਾਫ਼ ਹੋਰ ਵੀ ਕਈ ਦਰਖ਼ਾਸਤਾਂ ਪੈਂਡਿੰਗ ਹਨ, ਜੇਕਰ ਉਹ ਉਸ (ਥਾਣੇਦਾਰ ਜਸਵੀਰ ਸਿੰਘ) ਨੂੰ ਰਿਸ਼ਵਤ ਦੇਵੇਗਾ ਤਾਂ ਉਹ ਉਸ ਦੇ ਦੋਸਤ ਗੁਰਿੰਦਰ ਬਾਠ ਖ਼ਿਲਾਫ਼ ਕੋਈ ਹੋਰ ਮੁਕੱਦਮਾ ਦਰਜ ਨਹੀਂ ਕਰੇਗਾ। ਇਸ ਤਰ੍ਹਾਂ ਥਾਣੇਦਾਰ ਵੱਲੋਂ ਉਨ੍ਹਾਂ ਤੋਂ ਹੁਣ ਤੱਕ ਦੋ ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਏਐਸਆਈ 50 ਹਜ਼ਾਰ ਰੁਪਏ ਹੋਰ ਦੇਣ ਲਈ ਦਬਾਅ ਪਾਉਣ ਲੱਗ ਪਿਆ। ਜਿਸ ਕਾਰਨ ਉਨ੍ਹਾਂ ਨੇ ਤੰਗ ਪ੍ਰੇਸ਼ਾਨ ਹੋ ਕੇ ਵਿਜੀਲੈਂਸ ਦਫ਼ਤਰ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਥਾਣੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਵਿਜੀਲੈਂਸ ਨੇ ਮੁੱਢਲੀ ਜਾਂਚ ਵਿੱਚ ਥਾਣੇਦਾਰ ’ਤੇ ਲੱਗੇ ਦੋਸ਼ਾਂ ਨੂੰ ਸਹੀ ਮੰਨਦੇ ਹੋਏ ਉਸ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਵੱਲੋਂ ਮੁਲਜ਼ਮ ਥਾਣੇਦਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ ਨਾਜਾਇਜ਼ ਕ…