ਮੁੱਦਿਆਂ ਤੋਂ ਭਟਕੀ ਭਾਜਪਾ ਮੁੜ ਫਿਰਕੂ ਏਜੰਡੇ ’ਤੇ ਪਰਤੀ, ਸਮਾਜ ’ਚ ਨਫ਼ਰਤ ਫੈਲਾਉਣ ਲੱਗੀ: ਕੁਲਜੀਤ ਬੇਦੀ

ਪੰਜਾਬ ਦੇ ਲੋਕ ਭਾਜਪਾ, ਅਕਾਲੀਆਂ ਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ: ਡਿਪਟੀ ਮੇਅਰ

ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਜਪਾ ਚੋਣਾਂ ਵਿੱਚ ਸੰਭਾਵੀ ਹਾਰ ਨੂੰ ਦੇਖ ਕੇ ਬੁਖਲਾ ਗਈ ਹੈ ਅਤੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੀ ਹੈ ਅਤੇ ਵਿਸ਼ੇਸ਼ ਫਿਰਕਿਆਂ ਨਫ਼ਰਤ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਲਗਾਤਾਰ ਝੂਠ ਬੋਲ ਰਹੇ ਹਨ ਜਦੋਕਿ ਸਚਾਈ ਇਹ ਹੈ ਕਿ ਭਾਜਪਾ ਕੋਲ ਲੋਕਹਿੱਤ ਮੁੱਦਿਆਂ ਸਬੰਧੀ ਕੋਈ ਏਜੰਡਾ ਹੀ ਨਹੀਂ ਹੈ।
ਉਹਨਾਂ ਕਿਹਾ ਕਿ ਪਹਿਲੇ ਦੋ ਗੇੜਾਂ ਵਿੱਚ ਪਈਆਂ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਇਸ ਕਾਰਨ ਭਾਜਪਾ ਆਗੂ ਮੁੜ ਹਿੰਦੂ ਮੁਸਲਮਾਨ ਕਰਨ ਉੱਤੇ ਉਤਾਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਮੀਡੀਆ ਵੱਲੋਂ ਭਾਜਪਾ ਆਗੂਆਂ ਦੀਆਂ ਇਹਨਾਂ ਕਾਰਵਾਈਆਂ ਨੂੰ ਭੰਡਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਦੇ ਇਸ ਸਾਰੇ ਦੋਸ਼ ਝੂਠ ਦਾ ਪੁਲੰਦਾ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਹੜੇ ਮੁੱਦੇ ਆਪਣੇ ਚੋਣ ਮੈਨੀਫੈਸਟੋ ਵਿੱਚ ਚੁੱਕੇ ਹਨ ਉਹਨਾਂ ਵਿੱਚ ਅੌਰਤਾਂ ਨੂੰ ਹਰ ਸਾਲ 1 ਲੱਖ ਰੁਪਿਆ ਦੇਣਾ, 30 ਲੱਖ ਨੌਕਰੀਆਂ ਦੇਣੀਆਂ, ਸਾਰਿਆਂ ਨੂੰ ਸਮਾਜਿਕ ਨਿਆ ਪ੍ਰਦਾਨ ਕਰਨਾ ਵਰਗੇ ਕ੍ਰਾਂਤੀਕਾਰੀ ਮੁੱਦੇ ਹਨ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਤਹਿਤ ਪੂਰੇ ਹਿੰਦੁਸਤਾਨ ਵਿੱਚ ਘੁੰਮ ਕੇ ਲੋਕਾਂ ਦੀ ਰਾਏ ਅਨੁਸਾਰ ਇਹ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਜਿਸ ਦੀ ਚਹੁੰ ਪਾਸਿਓਂ ਸਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦੋ ਗੇੜ ਦੀਆਂ ਚੋਣਾਂ ਦੌਰਾਨ ਪਈਆਂ ਵੋਟਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹਾਰ ਦਾ ਅੰਦਾਜ਼ਾ ਲੱਗ ਗਿਆ ਹੈ ਅਤੇ ਇਸ ਕਾਰਨ ਹੁਣ ਉਹ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਭੰਡਣ ਦੇ ਨਾਲ ਨਾਲ ਮੁੜ ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ ਕਰਨ ਲੱਗ ਗਈ ਹੈ ਅਤੇ ਸਮਾਜ ਵਿੱਚ ਨਫਰਤ ਫੈਲਾ ਰਹੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਕਾਲੀ ਦਲ ਨੂੰ ਭੰਡਦਿਆ ਕਿਹਾ ਕਿ ਅਕਾਲੀ ਦਲ ਵਰਗੀ ਮੌਕਾ ਪ੍ਰਸਤ ਪਾਰਟੀ ਹੋਰ ਕੋਈ ਨਹੀਂ ਹੋ ਸਕਦੀ ਜੋ ਸੱਤਾ ਹਾਸਲ ਕਰਨ ਲਈ ਭਾਜਪਾ ਵਰਗੀ ਫਿਰਕੂ ਪਾਰਟੀ ਨਾਲ ਸਮਝੌਤਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਤਾਂ ਬਿਲਕੁਲ ਤਿਆਰ ਸੀ ਅਤੇ ਅਕਾਲੀ ਦਲ ਹਰ ਤਰ੍ਹਾਂ ਨਾਲ ਝੁੱਕ ਕੇ ਭਾਜਪਾ ਨਾਲ ਸਮਝੌਤਾ ਕਰਨ ਨੂੰ ਕਰਦਾ ਸੀ ਪਰ ਕਿਸਾਨਾਂ ਦੇ ਮੁੜ ਸੰਘਰਸ਼ ਤੋਂ ਬਾਅਦ ਅਕਾਲੀ ਦਲ ਨੇ ਖੇਤਰੀ ਪਾਰਟੀ ਅਤੇ ਪੰਥਕ ਪਾਰਟੀ ਵਰਗੇ ਸਲੋਗਨ ਚਲਾ ਕੇ ਧਰਮ ਦੀ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੀਆਂ ਇਨ੍ਹਾਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਸ ਵਾਰ ਪੰਜਾਬ ਵਿੱਚੋਂ ਅਕਾਲੀ ਦਲ ਦਾ ਸਫਾਇਆ ਹੋ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਲੋਕਾਂ ਨੇ ਇੱਕ ਨਵਾਂ ਤਜਰਬਾ ਕੀਤਾ ਅਤੇ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੱਤਾ ਸੌਂਪੀ ਪਰ ਉਨ੍ਹਾਂ ਨੂੰ ਧੋਖਾ ਹੀ ਹੱਥ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀ ਪੰਜਾਬ ਵਿੱਚ ਅਮਨ ਕਾਨੂੰਨ ਕਾਇਮ ਕਰਨ ਦਾ ਦਾਅਵਾ ਕਰਦੀ ਸੀ ਭਰਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਦੀ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਰਦੀ ਸੀ, ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਕਰਦੀ ਸੀ, ਅੌਰਤਾਂ ਨੂੰ 1000 ਮਹੀਨਾ ਦੇਣ ਦਾ ਵਾਅਦਾ ਕਰਦੀ ਸੀ, ਉਹ ਸਾਰੇ ਹੀ ਵਾਧਿਆਂ ਤੋਂ ਮੁਨਕਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਬਰਬਾਦ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਕੁਦਰਤ ਵੀ ਕਿਸਾਨ ਦਾ ਸਾਥ ਨਹੀਂ ਦੇ ਰਹੀ ਤੇ ਨਾਲ ਹੀ ਪੰਜਾਬ ਸਰਕਾਰ ਵੀ ਕਿਸਾਨਾਂ ਤੋਂ ਅਵੇਸਲੀ ਹੋਈ ਫਿਰਦੀ ਹੈ ਅਤੇ ਕੋਈ ਵੀ ਕਿਸਾਨਾਂ ਦੀ ਬਾਂਹ ਨਹੀਂ ਫੜ ਰਿਹਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜੇ ਅੱਜ ਕੋਈ ਦੇਸ਼ ਨੂੰ ਬਚਾ ਸਕਦਾ ਹੈ, ਸੰਵਿਧਾਨ ਨੂੰ ਬਚਾ ਸਕਦਾ ਹੈ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਰਾਹ ਦੇ ਸਕਦਾ ਹੈ ਤਾਂ ਉਹ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਹਨਾਂ ਚੋਣਾਂ ਵਿੱਚ ਕੇਂਦਰ ਵਿੱਚ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਕਿਉਂਕਿ ਹਿੰਦੁਸਤਾਨ ਦਾ ਵੋਟਰ ਬੜਾ ਜਾਗਰੂਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਹੈ ਕਿ ਇਨ੍ਹਾਂ ਚੋਣਾਂ ਵਿੱਚ ਲੋਕ ਫਿਰਕੂ ਏਜੰਡੇ ਦੇ ਭੁਲੇਖੇ ਵਿੱਚ ਨਹੀਂ ਆਉਣਗੇ ਅਤੇ ਖਾਸ ਤੌਰ ਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਬਹੁਮਤ ਹਰ ਜਤਾ ਕੇ ਪੰਜਾਬ ਅਤੇ ਕੇਂਦਰ ਵਿੱਚ ਮੁੜ ਕਾਂਗਰਸ ਦੀ ਸਰਕਾਰ ਲਿਆਉਣਗੇ।

ਉਨ੍ਹਾਂ ਕਿਹਾ ਕਿ ਉਹ ਦੇਸ਼ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਕਾਂਗਰਸ ਦੇ ਮੈਨੀਫੈਸਟੋ ਵਿੱਚ ਕਿਤੇ ਵੀ ਮੁਸਲਿਮ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ, ਨਾ ਹੀ ਅੌਰਤਾਂ ਦੇ ਮੰਗਲ-ਸੂਤਰ ਕਿਸੇ ਨੂੰ ਦੇਣ ਦੀ ਗੱਲ ਕੀਤੀ ਗਈ ਹੈ। ਜੇਕਰ ਕਿਸੇ ਦੇ ਦੋ ਘਰ ਹੋਣ ਤਾਂ ਇੱਕ ਘਰ ਖੋਹ ਕੇ ਕਿਸੇ ਹੋਰ ਨੂੰ ਦਿੱਤੇ ਜਾਣ ਦਾ ਭਾਜਪਾ ਦਾ ਪ੍ਰੋਪਰਗੰਡਾ ਵੀ ਬਿਲਕੁਲ ਝੂਠ ਦਾ ਪੁਲੰਦਾ ਹੈ ਅਤੇ ਇਸੇ ਤਰ੍ਹਾਂ ਦੋ ਕਾਰਾਂ ਹੋਣ ਦੀ ਸੂਰਤ ਵਿੱਚ ਇੱਕ ਕਾਰ ਖੋਹ ਕੇ ਕਿਸੇ ਦੂਜੇ ਨੂੰ ਦੇਣ ਦੀ ਗੱਲ ਵੀ ਭਾਜਪਾ ਵੱਲੋਂ ਸਰਾਸਰ ਝੂਠ ਪਸਾਰਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…