ਮਿਸ਼ਨ-2024: ਡਾ. ਚੀਮਾ ਤੇ ਚੰਦੂਮਾਜਰਾ ਆਹਮੋ ਸਾਹਮਣੇ, ਸਰਗਰਮੀਆਂ ਵਧਾਈਆਂ

ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਆਹਮੋ ਸਾਹਮਣੇ ਆ ਗਏ ਹਨ। ਚੰਦੂਮਾਜਰਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਇੰਚਾਰਜ ਵੀ ਹਨ ਅਤੇ ਇੱਥੋਂ ਪਹਿਲਾਂ ਵੀ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ ਪ੍ਰੰਤੂ ਡਾ. ਦਲਜੀਤ ਚੀਮਾ ਐਤਕੀਂ ਲੋਕ ਸਭਾ ਚੋਣਾਂ ਲੜਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਪਾਰਟੀ ਹਾਈ ਕਮਾਨ ਨੂੰ ਵੀ ਆਪਣੀ ਇੱਛਾ ਦੱਸ ਦਿੱਤੀ ਹੈ। ਦੋਵੇਂ ਆਗੂਆਂ ਨੇ ਮੁਹਾਲੀ ਸਮੇਤ ਸਮੁੱਚੇ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨਾਲ ਮੇਲ-ਜੋਲ ਵਧਾਉਣ ਲਈ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਪਿਛਲੇ ਦਿਨੀਂ ਜਿੱਥੇ ਚੰਦੂਮਾਜਰਾ ਨੇ ਮੁਹਾਲੀ ਸਮੇਤ ਨੇੜਲੇ ਦਰਜਨਾਂ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ, ਉੱਥੇ ਡਾ. ਦਲਜੀਤ ਚੀਮਾ ਨੇ ਅੱਜ ਇੱਥੋਂ ਦੇ ਸੈਕਟਰ-66 ਵਿਖੇ ਰਮਨ ਅਰੋੜਾ ਅਤੇ ਹਰਮਿੰਦਰ ਧੀਮਾਨ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਈ ਅਜਿਹੇ ਆਗੂ ਵੀ ਦੇਖੇ ਗਏ, ਜੋ ਕਾਫ਼ੀ ਸਮੇਂ ਤੋਂ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਆਪਣੇ ਘਰਾਂ ਵਿੱਚ ਬੈਠ ਗਏ ਸਨ। ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਸਾਬਕਾ ਸ਼ਹਿਰੀ ਪ੍ਰਧਾਨ ਰਮਨਦੀਪ ਸਿੰਘ ਬਾਵਾ ਤੇ ਹੋਰ ਆਗੂ ਸ਼ਾਮਲ। ਇਨ੍ਹਾਂ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ।
ਇਸ ਮੌਕੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਸੂਬੇ ਅਤੇ ਲੋਕਾਂ ਨਾਲੋਂ ਕੇਜਰੀਵਾਲ ਵੱਧ ਪਿਆਰਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਨੇ ਵੱਡਾ ਕਹਿਰ ਵਰਤਾਇਆ ਹੈ ਪਰ ਮਾਨ ਸਾਹਿਬ ਦੀ ਚੁੱਪੀ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਗਵਾਹ ਹੈ ਕਿ ਪਾਰਟੀ ਨੇ ਪੰਜਾਬ ਅਤੇ ਪੰਥ ਦੇ ਹਿੱਤਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਾਰੇ ਫਰੰਟਾਂ ’ਤੇ ਫੇਲ੍ਹ ਸਾਬਤ ਹੋ ਚੁੱਕੀ ਹੈ ਅਤੇ ਅੱਜ ਪੰਜਾਬ ਖ਼ਤਰਨਾਕ ਮੋੜ ’ਤੇ ਖੜਾ ਹੈ।
ਸਾਬਕਾ ਸਿੱਖਿਆ ਮੰਤਰੀ ਨੇ ਮੰਗ ਕੀਤੀ ਕਿ ਦਿੱਲੀ ਵਾਂਗ ਪੰਜਾਬ ਵਿੱਚ ਲਾਗੂ ਕੀਤੀ ਸ਼ਰਾਬ ਦੀ ਨੀਤੀ ਦੀ ਵੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ। ਪੰਜਾਬ ਵਿੱਚ ਦਿੱਲੀ ਨਾਲੋਂ ਵੀ ਵੱਡਾ ਸ਼ਰਾਬ ਘੁਟਾਲਾ ਸਾਹਮਣੇ ਆਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਹਿਤੈਸ਼ੀ ਅਕਾਲੀ ਦਲ ਦੇ ਹੱਕ ਵਿੱਚ ਫ਼ਤਵਾ ਦਿੱਤਾ ਜਾਵੇ।

ਇਸ ਮੌਕੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੋਨੀ ਬੜੀ, ਮੁਹਾਲੀ ਦੇ ਪ੍ਰਧਾਨ ਤਰਨਪ੍ਰੀਤ ਸਿੰਘ, ਹਰਜਿੰਦਰ ਸਿੰਘ ਬਲੌਂਗੀ, ਰੁਸਤਮ ਸਰਪੰਚ, ਗੁਰਵਿੰਦਰ ਸਿੰਘ ਬੈਦਵਾਨ, ਜਗਦੀਪ ਬੜੀ, ਪਰਮਿੰਦਰ ਸਿੰਘ ਲਵਲੀ, ਹਰਦੀਪ ਧੀਮਾਨ ਸੈਕਟਰ-66, ਰੋਕੀ ਬਰਾੜ, ਮਨਪ੍ਰੀਤ ਸਿੰਘ ਬਰਾੜ, ਸੰਦੀਪ ਸੰਨੀ, ਸੁਖਜਿੰਦਰ ਸੋਨੂੰ, ਜਗਤਾਰ ਸਿੰਘ ਲਾਂਡਰਾਂ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ ਨਾਜਾਇਜ਼ ਕ…