ਮਿਸ਼ਨ-2024: ਹਿੰਦੂ ਚਿਹਰੇ ਨੂੰ ਚੋਣ ਲੜਾਉਣ ਲਈ ਭਾਜਪਾ ਅਤੇ ਕਾਂਗਰਸ ਦਾ ਮੰਥਨ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ:
ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਨੇ ਸਿੱਖ ਚਿਹਰੇ ਮੈਦਾਨ ’ਚ ਉਤਾਰੇ ਹਨ। ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਪੁਰਾਣੇ ਖਿਡਾਰੀ ਹਨ ਜਦੋਂਕਿ ‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਪਹਿਲੀ ਵਾਰ ਚੋਣ ਲੜ ਰਹੇ ਹਨ। ਦੋਵੇਂ ਹੀ ਉਮੀਦਵਾਰ ਚੋਣ ਪ੍ਰਚਾਰ ਵਿੱਚ ਸਭ ਤੋਂ ਮੂਹਰੇ ਹਨ। ਜੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਚੋਣ ਲੜਦੇ ਹਨ ਤਾਂ ਉਹ ਵੀ ਸਿੱਖ ਚਿਹਰਾ ਅਤੇ ਲੋਕਲ ਆਗੂ ਹਨ।
ਉਧਰ, ਭਾਜਪਾ ਅਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨਾਂ ਦੀ ਸੂਚੀ ਜਿੱਥੇ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ, ਉੱਥੇ ਦੋਵੇਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਤੋਂ ਪਛੜਦੀਆਂ ਜਾ ਰਹੀਆਂ ਹਨ। ਅਕਾਲੀ ਦਲ ਅਤੇ ‘ਆਪ’ ਦੇ ਖ਼ਿਲਾਫ਼ ਭਾਜਪਾ ਅਤੇ ਕਾਂਗਰਸ ਇੱਥੋਂ ਹਿੰਦੂ ਚਿਹਰੇ ’ਤੇ ਦਾਅ ਖੇਡਣ ਦੇ ਰੌਂਅ ’ਚ ਹਨ। ਉਂਜ ਇਨ੍ਹਾਂ ਦੋਵੇਂ ਪਾਰਟੀਆਂ ਕੋਲ ਸਿੱਖ ਚਿਹਰੇ ਮੌਜੂਦ ਹਨ, ਜੋ ਚੋਣ ਲੜਨ ਦੇ ਚਾਹਵਾਨ ਹਨ ਅਤੇ ਟਿਕਟ ਲਈ ਕਾਫ਼ੀ ਭੱਜ ਨੱਠ ਕਰ ਰਹੇ ਹਨ।
ਸ੍ਰੀ ਰਾਮ ਮੰਦਰ ਨਿਰਮਾਣ ਦੀ ਸਫਲਤਾ ਤੋਂ ਬਾਗੋਬਾਗ ਭਾਜਪਾ ਹਿੰਦੂ ਪਤਾ ਖੇਡ ਸਕਦੀ ਹੈ। ਹਾਲਾਂਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪਰਿਵਾਰ ਸਮੇਤ ਹੋਰ ਸਿੱਖ ਆਗੂ ਸੁਖਵਿੰਦਰ ਸਿੰਘ ਗੋਲਡੀ ਵੀ ਕਾਫ਼ੀ ਆਸਵੰਦ ਹਨ ਪ੍ਰੰਤੂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੂੰ ਟਿਕਟ ਮਿਲਣਾ ਲਗਪਗ ਤੈਅ ਹੈ। ਉਹ ਕਾਫ਼ੀ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ। ਬਾਲੀਵੱੁਡ ਅਦਾਕਾਰ ਅਕਸ਼ੈ ਕੁਮਾਰ ਦੀ ਵੀ ਲਾਟਰੀ ਨਿਕਲ ਸਕਦੀ ਹੈ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਸਮੇਤ ਮਹਿਲਾ ਆਗੂ ਲਖਵਿੰਦਰ ਕੌਰ ਗਰਚਾ ਅਤੇ ਉੱਘੇ ਕਾਰੋਬਾਰੀ ਰਮਦੀਪ ਕੌਰ ਵੀ ਚੋਣ ਲੜਨ ਦੇ ਚਾਹਵਾਨ ਹਨ।
ਸੂਤਰ ਦੱਸਦੇ ਹਨ ਕਿ ਕਾਂਗਰਸ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਜਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਰਾਣਾ ਨੇ ਹਾਈ ਕਮਾਨ ਨੂੰ ਹਿੰਦੂ ਵੋਟ ਬੈਂਕ ਦੀ ਦਲੀਲ ਦੇਣ ਸਮੇਤ ਖ਼ੁਦ ਨੂੰ ਲੋਕਲ ਆਗੂ ਦੱਸਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਮਨੀਸ਼ ਤਿਵਾੜੀ ਇੱਥੋਂ ਚੋਣ ਜਿੱਤ ਸਕਦੇ ਹਨ ਤਾਂ ਉਹ ਵੀ ਮਜ਼ਬੂਤ ਉਮੀਦਵਾਰ ਹਨ। ਜਦੋਂਕਿ ਸਿੰਗਲਾ ਦਾ ਇਲਾਕੇ ਵਿੱਚ ਕੋਈ ਆਧਾਰ ਨਹੀਂ ਹੈ, ਇਹ ਜ਼ਬਰਦਸਤੀ ਉਮੀਦਵਾਰ ਥੋਪਣ ਦੀ ਗੱਲ ਹੋਵੇਗੀ। ਉਂਜ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਤੇ ਕੁਲਜੀਤ ਸਿੰਘ ਨਾਗਰਾ ਵੀ ਟਿਕਟ ਦੀ ਦੌੜ ਵਿੱਚ ਸ਼ਾਮਲ ਹਨ। ਭਲਕੇ 29 ਅਪਰੈਲ ਨੂੰ ਹਾਈ ਕਮਾਨ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…