ਮਿਡ-ਡੇਅ-ਮੀਲ ਵਰਕਰਜ਼ ਯੂਨੀਅਨ ਨੇ ਡੀਜੀਐਸਈ ਨਾਲ ਕੀਤੀ ਮੁਲਾਕਾਤ, ਮੰਗ ਪੱਤਰ ਦਿੱਤਾ

ਹਾਦਸੇ ਦਾ ਸ਼ਿਕਾਰ ਵਰਕਰਾਂ ਨੂੰ ਮੁਆਵਜ਼ਾ ਅਤੇ ਚੋਣਾਂ ਦੌਰਾਨ ਦਰਪੇਸ਼ ਮੁਸ਼ਕਲਾਂ ਦਾ ਫੌਰੀ ਹੱਲ ਕਰਨ ਦੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 27 ਅਪਰੈਲ:
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਖਾਣਾ ਬਣਾਉਣ ਸਮੇਂ ਹਾਦਸੇ ਦਾ ਸ਼ਿਕਾਰ ਹੋਈਆਂ ਮਿਡ-ਡੇਅ-ਮੀਲ ਵਰਕਰਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਲੋਕ ਸਭਾ ਚੋਣਾਂ ਦੌਰਾਨ ਡਿਊਟੀ ਸਬੰਧੀ ਮੁਸ਼ਕਲਾਂ ਨੂੰ ਲੈ ਕੇ ਮਿਡ-ਡੇਅ-ਮੀਲ ਵਰਕਰਜ਼ ਯੂਨੀਅਨ ਦੇ ਵਫ਼ਦ ਨੇ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਵਿਜੈ ਬੁਬਲਾਨੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮਾਛੀਵਾੜਾ ਸਕੂਲ ਦੀ ਵਰਕਰ ਮਨਜੀਤ ਕੌਰ ਦੀ ਮੌਤ ਲਈ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਐਲੀਮੈਂਟਰੀ ਸਕੂਲ ਫੂਲਪੁਰ ਗਰੇਵਾਲ ਜ਼ਿਲ੍ਹਾ ਰੂਪਨਗਰ ਦੀ ਵਰਕਰ ਚਰਨਜੀਤ ਕੌਰ ਅਤੇ ਆਦਰਸ਼ ਸਕੂਲ ਕਾਲੇਵਾਲ, ਮੁਹਾਲੀ ਦੀ ਵਰਕਰ ਰਮਨਜੀਤ ਕੌਰ ਦੇ ਸਕੂਲ ਹਾਦਸੇ ਦੌਰਾਨ ਜ਼ਖ਼ਮੀ ਹੋਣ ’ਤੇ ਇਲਾਜ ਦਾ ਖਰਚਾ ਦਿੱਤਾ ਜਾਵੇ। ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਤਕੀਪੁਰ ਬਲਾਕ ਮਜਾਰੀ ਦੀ ਵਰਕਰ ਸਰਬਜੀਤ ਕੌਰ ਦੀ ਮੌਤ ਹੋਣ ’ਤੇ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਗੁਹਾਰ ਲਗਾਈ।
ਇਸ ਮੌਕੇ ਡੀਜੀਐਸਈ ਨੇ ਵਫ਼ਦ ਨੂੰ ਦੱਸਿਆ ਕਿ ਜਿਸ ਵਰਕਰ ਦੀ ਮੌਤ ਹੋਈ ਹੈ, ਉਸਦੇ ਇਲਾਜ ਦਾ ਸਾਰਾ ਖਰਚਾ ਵਿਭਾਗ ਵੱਲੋਂ ਦਿੱਤਾ ਗਿਆ ਹੈ ਅਤੇ ਉਸ ਦੀ ਨੂੰਹ ਨੂੰ ਨੌਕਰੀ ’ਤੇ ਰੱਖਿਆ ਗਿਆ ਹੈ। ਬਾਕੀ ਵਰਕਰਾਂ ਦੇ ਮੁਆਵਜ਼ੇ ਸਬੰਧੀ ਚੋਣਾਂ ਮਗਰੋਂ ਤਜਵੀਜ਼ ਬਣਾ ਕੇ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਵਰਕਰਾਂ ਦਾ ਬੀਮਾ ਕਰਨ ਲਈ ਬੀਮਾ ਕੰਪਨੀਆਂ ਬਾਬਤ ਪਬਲਿਕ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੀ ਕਾਪੀ ਜਥੇਬੰਦੀ ਨੂੰ ਵੀ ਸੌਂਪੀ ਗਈ।
ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮਿਡ-ਡੇਅ-ਮੀਲ ਵਰਕਰਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚੋਣ ਅਮਲੇ ਨੂੰ ਖਾਣਾ ਬਣਾ ਕੇ ਦੇਣ ਵਾਲੀਆਂ ਵਰਕਰਾਂ ਦੇ ਮਿਹਨਤਾਨੇ ਦੀ ਅਦਾਇਗੀ ਰਾਸ਼ਨ ਅਤੇ ਕੁਕਿੰਗ ਕੌਸਟ ਤੋਂ ਵੱਖਰੇ ਤੌਰ ’ਤੇ ਪੋਲਿੰਗ ਅਮਲੇ ਵਾਂਗ ਮੌਕੇ ’ਤੇ ਹੀ ਕੀਤੀ ਜਾਵੇ। ਹਰੇਕ ਮਿਡ-ਡੇਅ-ਮੀਲ ਵਰਕਰ ਨੂੰ 500 ਰੁਪਏ ਮਿਹਨਤਾਨਾ ਦਿੱਤਾ ਜਾਵੇ, ਜਿਹੜੇ ਪੋਲਿੰਗ ਸਟੇਸ਼ਨ ਸਕੂਲਾਂ ਤੋਂ ਇਲਾਵਾ ਕਿਸੇ ਹੋਰ ਸਥਾਨਾਂ ’ਤੇ ਬਣਾਏ ਗਏ ਹਨ। ਉਨ੍ਹਾਂ ਪੋਲਿੰਗ ਪਾਰਟੀਆਂ ਲਈ ਖਾਣਾ ਪਹੁੰਚਾਉਣਾ ਸੰਭਵ ਨਹੀਂ ਹੈ। ਇਸ ਸਬੰਧੀ ਵੱਖਰੇ ਪ੍ਰਬੰਧ ਕੀਤੇ ਜਾਣ, ਚੋਣ ਪ੍ਰਕਿਰਿਆ ਦੌਰਾਨ ਜੇਕਰ ਕਿਸੇ ਵਰਕਰ ਦੀ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 1 ਕਰੋੜ ਮੁਆਵਜਾ ਦਿੱਤਾ ਜਾਵੇ ਅਤੇ ਜੇਕਰ ਕੋਈ ਵਰਕਰ ਜ਼ਖ਼ਮੀ ਹੋ ਜਾਂਦੀ ਹੈ ਤਾਂ ਉਸ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇ, ਮਿਡ-ਡੇਅ-ਮੀਲ ਵਰਕਰਾਂ ਨੂੰ ਪਹਿਲ ਦੇ ਆਧਾਰ ’ਤੇ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ, ਮਿਡ-ਡੇਅ-ਮੀਲ ਵਰਕਰ ਨੂੰ ਸਿਰਫ਼ ਚੋਣ ਅਮਲੇ ਲਈ ਹੀ ਖਾਣਾ ਬਣਾਉਣ ਦੀ ਹਦਾਇਤ ਕੀਤੀ ਜਾਵੇ, ਮਿਡ-ਡੇਅ-ਮੀਲ ਵਰਕਰਾਂ ਨੂੰ ਪਹਿਲੇ ਦਿਨ ਪਾਰਟੀ ਪਹੁੰਚਣ ਸਮੇਂ ਹਰ ਹਾਲਤ ਵਿੱਚ ਰਾਤ 7 ਵਜੇ ਤੱਕ ਅਤੇ ਪੋਲਿੰਗ ਵਾਲੇ ਦਿਨ ਸ਼ਾਮ 3 ਵਜੇ ਤੱਕ ਹੀ ਰੋਕਿਆ ਜਾਵੇ।
ਉਪਰੋਕਤ ਮੰਗਾਂ ਸਬੰਧੀ ਡੀਜੀਐਸਈ ਨੇ ਦੱਸਿਆ ਕਿ ਜਾਇਜ਼ ਮੰਗਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਪਹਿਲਾਂ ਹੀ ਮੁੱਖ ਚੋਣ ਅਫ਼ਸਰ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਵਫ਼ਦ ਵਿੱਚ ਜਨਰਲ ਸਕੱਤਰ ਕਮਲਜੀਤ ਕੌਰ, ਵਿੱਤ ਸਕੱਤਰ ਪ੍ਰਵੀਨ ਬਾਲਾ, ਕਮਲੇਸ਼ ਕੌਰ, ਜਸਵਿੰਦਰ ਟਾਹਲੀ, ਬਲਵਿੰਦਰ ਕੌਰ, ਸੁਨੀਤਾ ਰਾਣੀ, ਪਸਸਫ਼ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਆਗੂ ਇੰਦਰਜੀਤ ਵਿਰਦੀ, ਗੁਰਬਿੰਦਰ ਸਿੰਘ ਸਸਕੌਰ, ਕਰਮਾਪੁਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ

ਡੀਜ਼ਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਸਾਬਕਾ ਸਰਪੰਚ ਹੇਠਾਂ ਲਾਹਿਆ, ਕਾਰਵਾਈ ਦਾ ਭਰੋਸਾ ਨਾਜਾਇਜ਼ ਕ…