ਮੁਹਾਲੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਗਰਜੇ 10 ਜ਼ਿਲ੍ਹਿਆਂ ਦੇ ਪੇਂਡੂ ਮਜ਼ਦੂਰ

ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਹਾਅ ਦਾ ਨਾਅਰਾ ਮਾਰਿਆ

ਮਜ਼ਦੂਰਾਂ ਨੇ ਸਰਕਾਰੀ ਪੋਸਟਰ ਬਨਾਮ ਬੇਰੁਜ਼ਗਾਰੀ ਭੱਤਾ ਦੇ ਅੰਕੜੇ ਪੇਸ਼ ਕਰਕੇ ਹੁਕਮਰਾਨਾਂ ਨੂੰ ਕੋਸਿਆ

ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ:
ਪੰਜਾਬ ਦੇ 10 ਜ਼ਿਲ੍ਹਿਆਂ ਦੇ ਪੇਂਡੂ ਮਜ਼ਦੂਰਾਂ ਨੇ ਆਪਣੀ ਹੱਕੀ ਮੰਗਾਂ ਲੈ ਕੇ ਅੱਜ ਮੁਹਾਲੀ ਵਿੱਚ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਬੈਨਰ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮਨਰੇਗਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੀ ਅਣਦੇਖੀ ਦਾ ਸਿਕਾਰ ਪੇਂਡੂ ਬੀਬੀਆਂ ਨੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਧਰਨੇ ਦੀ ਅਗਵਾਈ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਸੂਬਾ ਸਕੱਤਰ ਹਰਦੀਪ ਕੌਰ ਪਾਲੀਆ, ਨਿਰਮਲਾ ਕੌਰ ਧਰਮਗੜ੍ਹ, ਰਾਜ ਕੌਰ ਥੂਹੀ, ਖੁਸ਼ਵਿੰਦਰ ਕੌਰ ਸੂਲਰ, ਸੁਖਵਿੰਦਰ ਕੌਰ ਬਾਲਪੁਰ ਸੁਰਿੰਦਰ ਕੌਰ ਸਿੰਧੜਾ ਅਤੇ ਦਰਸ਼ਨ ਸਿੰਘ ਮੰਡੋਫਲ ਨੇ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਇਨਸਾਫ਼ ਮੋਰਚਾ ਮਲੇਰਕੋਟਲਾ ਦੇ ਆਗੂ ਸਕੂਰ ਮੁਹੰਮਦ, ਸਮਾਜਿਕ ਚਿੰਤਕ ਡਾ. ਪਿਆਰਾ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ ਸਮੇਤ ਹੋਰ ਬੁੱਧੀਜੀਵੀ ਅਤੇ ਸਮਾਜਿਕ ਆਗੂਆਂ ਨੇ ਵੀ ਧਰਨੇ ਵਿੱਚ ਪਹੁੰਚ ਕੇ ਮਨਰੇਗਾ ਵਰਕਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਨਾਲ 28 ਫਰਵਰੀ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਬੀਬੀਆਂ ਨੂੰ ਸ਼ਾਂਤ ਕੀਤਾ।
ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਨੇ ਮਨਰੇਗਾ ਕਾਨੂੰਨ ਅਨੁਸਾਰ ਬੇਰੁਜ਼ਗਾਰੀ ਭੱਤੇ ਦੇ ਨਿਯਮ ਲਾਗੂ ਕਰਵਾਉਣ ਲਈ ਡੇਢ ਸਾਲ ਪਹਿਲਾਂ 10 ਲੱਖ ਰੁਪਏ ਸਾਲਾਨਾ ਬਜਟ ਦੀ ਮੰਗ ਕੀਤੀ ਸੀ ਪਰ ਸਰਕਾਰ ਨੂੰ ਹੁਣ ਇਹ ਖਰਚਾ ਕਾਫ਼ੀ ਵੱਡਾ ਲੱਗ ਰਿਹਾ ਹੈ ਜਦੋਂਕਿ ਸੂਬੇ ਵਿੱਚ ਅੱਧਾ ਕਿੱਲੋਮੀਟਰ ’ਤੇ ਥਾਂ-ਥਾਂ ਸਰਕਾਰੀ ਪੋਸਟਰ ਲਗਾ ਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਹਰਦੀਪ ਕੌਰ ਬਬਲੀ, ਜਗਦੇਵ ਸਿੰਘ ਭੋੜੇ ਨੇ ਦੱਸਿਆ ਕਿ ਬੇਰੁਜ਼ਗਾਰੀ ਭੱਤੇ ਦੇ ਨਿਯਮਾਂ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਮਨਰੇਗਾ ਤਹਿਤ 100 ਦਿਨ ਦਾ ਰੁਜ਼ਗਾਰ ਵੀ ਨਹੀਂ ਮਿਲ ਰਿਹਾ। ਘੱਟੋ-ਘੱਟ ਉਜਰਤ ਵਿੱਚ ਵੀ ਲੋੜੀਂਦਾ ਵਾਧਾ ਨਹੀਂ ਕੀਤਾ। ਜਿਸ ਕਾਰਨ ਮਜ਼ਦੂਰ ਦੀ ਮਨਰੇਗਾ ਦਿਹਾੜੀ ਵੀ ਘੱਟ ਹੈ।
ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਸਕੂਰ ਮੁਹੰਮਦ, ਡਾ. ਪਿਆਰਾ ਲਾਲ ਗਰਗ ਅਤੇ ਹਮੀਰ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਮਨਰੇਗਾ ਵਰਕਰਾਂ ਦੀ ਅਣਦੇਖੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਕੀਮ ਕੇਵਲ ਮਜ਼ਦੂਰਾਂ ਲਈ ਹੀ ਨਹੀਂ ਬਲਕਿ ਛੋਟੇ ਕਿਸਾਨਾਂ ਦੀ ਆਰਥਿਕ ਮਦਦ ਦੇ ਨਾਲ-ਨਾਲ ਪੜ੍ਹੇ ਲਿਖੇ ਨੌਜਵਾਨਾਂ ਲਈ ਬਿਨਾਂ ਖਜ਼ਾਨੇ ’ਤੇ ਬੋਝ ਵਧਾਏ ਹਜ਼ਾਰਾਂ ਨੌਕਰੀਆਂ ਪੈਦਾ ਕਰ ਸਕਦੀ ਹੈ ਪਰ ਸਰਕਾਰ ਪਤਾ ਨਹੀਂ ਕਿਉਂਕਿ ਅਣਗੌਲਿਆ ਕਰ ਰਹੀ ਹੈ। ਇਸ ਮੌਕੇ ਕਰਨੈਲ ਸਿੰਘ ਜਖੇਪਲ ,ਦਰਸ਼ਨ ਸਿੰਘ ਧਨੇਠਾ, ਦਲਜੀਤ ਸਿੰਘ ਸੰਗਰੂਰ, ਮਨਪ੍ਰੀਤ ਕੌਰ ਰਾਜਪੁਰਾ, ਤਾਰਾ ਸਿੰਘ ਫਗੂਵਾਲਾ, ਗੁਰਮੀਤ ਸਿੰਘ ਥੂਹੀ, ਚਮਕੌਰ ਸਿੰਘ, ਸੰਦੀਪ ਕੌਰ ਖੇੜੀ, ਸੁਖਵਿੰਦਰ ਕੌਰ ਨੌਹਰਾ, ਜਸਪ੍ਰੀਤ ਕੌਰ ਲੋਪੇ, ਕ੍ਰਿਸ਼ਨ ਸਿੰਘ ਲਬਾਣਾ ਅਤੇ ਕਿਰਨ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…