ਕਾਂਗਰਸ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ ਪੰਜਾਬ ਦੇ ਲੋਕ: ਭੂਪੇਸ਼ ਬਘੇਲ

ਕਾਂਗਰਸ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਦੀ ਮੁਹਾਲੀ ਤੋਂ ਸ਼ੁਰੂਆਤ, 40-50 ਵਿਧਾਇਕ ਆਪ ਛੱਡਣ ਲਈ ਤਿਆਰ: ਵੜਿੰਗ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਦੀ ਸ਼ੁਰੂਆਤ ਮੁਹਾਲੀ ਤੋਂ ਕੀਤੀ ਗਈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਇਕ ਭਰੋਸੇਯੋਗ ਅਤੇ ਲੋਕ-ਪੱਖੀ ਸਰਕਾਰ ਲਈ ਵੱਡੀ ਉਮੀਦ ਅਤੇ ਭਰੋਸੇ ਨਾਲ ਕਾਂਗਰਸ ਵੱਲ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਹਰ ਹਾਲਤ ਵਿਚ ਇਸ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ।
ਸ਼ੁੱਕਰਵਾਰ ਨੂੰ ਇੱਥੇ ਪਾਰਟੀ ਦੇ ‘ਹਰ ਬੂਥ ਮਜ਼ਬੂਤ’ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਬਘੇਲ ਨੇ ਕਿਹਾ ਕਿ ਕਾਂਗਰਸ ਦਾ ਲੋਕਾਂ ਦੀ ਸੇਵਾ ਕਰਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਬਹਾਲ ਕਰਨ ਦਾ ਸਿਹਰਾ ਵੀ ਕਾਂਗਰਸ ਨੂੰ ਹੀ ਜਾਂਦਾ ਹੈ।
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਕਾਂਗਰਸ ਵਿਚ ਪੂਰੀ ਏਕਤਾ ਹੈ ਅਤੇ ਸਾਰੇ ਅੰਦਰੂਨੀ ਮੁੱਦੇ ਸੁਲਝਾ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਹਾਈ ਕਮਾਂਡ ਨੇ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ।
ਜਦਕਿ ਅੱਜ ਦੇ ਪ੍ਰੋਗਰਾਮ ਵਿਚ ਕੁਝ ਆਗੂਆਂ ਦੀ ਗ਼ੈਰ ਹਾਜ਼ਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ, ਬਘੇਲ ਨੇ ਕਿਹਾ ਕਿ ਇਹ ਜ਼ਿਲ੍ਹਾ ਪੱਧਰ ਦਾ ਪ੍ਰੋਗਰਾਮ ਸੀ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਰੇ ਜ਼ਿਲ੍ਹਿਆਂ ਵਿਚ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਆਗੂ ਇਕੋ ਸਮੇਂ ਇਕੋ ਥਾਂ ‘ਤੇ ਮੌਜੂਦ ਨਹੀਂ ਹੋ ਸਕਦੇ।
ਇਸੇ ਤਰ੍ਹਾਂ, ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਗਏ ਸਵਾਲ ‘ਤੇ, ਉਨ੍ਹਾਂ ਕਿਹਾ ਕਿ ਹਾਈ ਕਮਾਂਡ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਪੰਜਾਬ ਵਿਚ ਲੀਡਰਸ਼ਿਪ ਦਾ ਮੁੱਦਾ ਖ਼ਤਮ ਹੋ ਚੁੱਕਾ ਹੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ।
ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਕਾਂਗਰਸ, ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਵਾਰਿਸ ਪੰਜਾਬ ਦੇ ਵਿਚਾਲੇ ਪੰਜ-ਕੋਣਾ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਦੀ ਸਮਰੱਥਾ ਸਿਰਫ਼ ਕਾਂਗਰਸ ਕੋਲ ਹੈ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਪੱਸ਼ਟ ਤੌਰ ’ਤੇ ਕੋਈ ਅੰਦਰੂਨੀ ਸਮਝੌਤਾ ਹੈ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਸ ਗੁਪਤ ਸਮਝੌਤੇ ਤਹਿਤ ਆਮ ਆਦਮੀ ਪਾਰਟੀ ਗੁਜਰਾਤ ਚੋਣਾਂ ਲੜ ਕੇ ਭਾਜਪਾ ਵਿਰੋਧੀ ਵੋਟਾਂ ਨੂੰ ਵੰਡੇਗੀ, ਜੋ ਨਹੀਂ ਤਾਂ ਕਾਂਗਰਸ ਨੂੰ ਮਿਲਣੀਆਂ ਸਨ। ਇਸੇ ਤਰ੍ਹਾਂ, ਭਾਜਪਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਦਦ ਕਰੇਗੀ। ਵੜਿੰਗ ਨੇ ਦੁਹਰਾਇਆ ਕਿ ਲਗਭਗ 50 ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ ਛੱਡਣ ਲਈ ਤਿਆਰ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹਨ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਇਸ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਜਗਮੋਹਨ ਸਿੰਘ ਕੰਗ, ਬਲਬੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ, ਰਾਜ ਕੁਮਾਰ ਵੇਰਕਾ, ਰਜ਼ੀਆ ਸੁਲਤਾਨਾ ਸਾਰੇ ਸਾਬਕਾ ਕੈਬਨਿਟ ਮੰਤਰੀ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ, ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ, ਦੀਪਿੰਦਰ ਸਿੰਘ ਢਿਲੋਂ ਡੇਰਾਬੱਸੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਸਵਰਨਜੀਤ ਕੌਰ, ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਬਲਾਕ ਕਾਂਗਰਸ ਖਰੜ ਦੇ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ, ਗੁਰਿੰਦਰ ਸਿੰਘ ਕੈਰੋ, ਨਗਰ ਨਿਗਮ ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਗੁਰਿੰਦਰ ਸਿੰਘ ਕੈਰੋ, ਜਸਪਾਲ ਸਿੰਘ, ਮਨਜੀਤ ਕੌਰ ਸੋਨੂੰ, ਕੋਚ ਬਲਜੀਤ ਸਿੰਘ, ਸਰਬਜੀਤ ਕੌਰ ਸੈਣੀ ਸਮੇਤ ਵਿਧਾਨ ਸਭਾ ਹਲਕਾ ਖਰੜ, ਐੱਸਏਐੱਸ ਨਗਰ, ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਅਹੁੱਦੇਦਾਰ, ਬੀਐੱਲ ਸਮੇਤ ਵੱਖ-ਵੱਖ ਵਿੰਗਾਂ ਦੇ ਨੁਮਾਇੰਦੇ ਅਤੇ ਪਾਰਟੀ ਦੇ ਸਮਰੱਥਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਸਮਾਜ ਸੇਵਕਾ ਤੇ ਅਦਾਕਾਰਾ ਕੁਲਵੀਰ ਕਪੂਰ ਨੇ ਰਾਜਨੀਤੀ ਤੋਂ ਸੰਨਿਆਸ ਲਿਆ

ਸਮਾਜ ਸੇਵਕਾ ਤੇ ਅਦਾਕਾਰਾ ਕੁਲਵੀਰ ਕਪੂਰ ਨੇ ਰਾਜਨੀਤੀ ਤੋਂ ਸੰਨਿਆਸ ਲਿਆ ਕਿਹਾ “ਆਖ਼ਰੀ ਸਾਹ ਤੱਕ ਪਹਿਲ…