Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਤੇ ਮੈਟਾ ਨੇ ਸਾਈਬਰਸਪੇਸ ਵਿੱਚ ਡੀਪ ਫੇਕ ਦੀ ਪਛਾਣ ਬਾਰੇ ਵਰਕਸ਼ਾਪ ਕਰਵਾਈ ਆਨਲਾਈਨ ਫੈਲਣ ਵਾਲੀ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਪੁਲੀਸ ਨੂੰ ਸਿਖਲਾਈ ਦੇਣਾ ਜ਼ਰੂਰੀ ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ: ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਨਲਾਈਨ ਫੈਲਣ ਵਾਲੀਆਂ ਗਲਤ ਸੂਚਨਾਵਾਂ ਨਾਲ ਨਜਿੱਠਣ ਅਤੇ ਲੋਕਾਂ ਵਿੱਚ ਇਸ ਦੇ ਫੈਲਾਅ ਨੂੰ ਰੋਕਣ ਬਾਬਤ ਵੱਖੋ-ਵੱਖ ਢੰਗ-ਤਰੀਕਿਆਂ ਬਾਰੇ ਜਾਗਰੂਕ ਲਈ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੇਟਾ (ਫੇਸਬੁੱਕ) ਅਤੇ ਮਿਸਇਨਫਰਮੇਸ਼ਨ ਕੰਬੈਟ ਅਲਾਇੰਸ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਾਈਬਰ ਸਪੇਸ ਵਿੱਚ ‘ਡੀਪ ਫੇਕ’ ਦੀ ਪਛਾਣ ਕਰਨ ਅਤੇ ਇਸ ਰਾਹੀਂ ਅਸ਼ਲੀਲ ਸਮੱਗਰੀ ਤਿਆਰ ਕਰਕੇ ਇਸ ਦੇ ਪਸਾਰ ਦੀ ਸੰਭਾਵਨਾ ਬਾਰੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਵੱਖ-ਵੱਖ ਰੈਂਕਾਂ ਦੇ 150 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਭਾਗ ਲਿਆ। ਡੀਪ ਫੇਕ ਇੱਕ ਚਿੱਤਰ, ਆਡੀਓ ਜਾਂ ਵੀਡੀਓ ਹੈ। ਜਿਸ ਵਿੱਚ ਕਿਸੇ ਅਸਲ ਵਿਅਕਤੀ ਨੂੰ ਡਿਜੀਟਲ ਰੂਪ ਵਿੱਚ ਐਡਿਟ ਕਰਕੇ ਕਿਸੇ ਹੋਰ ਨਾਲ ਹੂ-ਬ-ਹੂ ਮਿਲਾ ਦਿੱਤਾ ਜਾਂਦਾ ਹੈ ਅਤੇ ਇਹ ਦੇਖਣ ਨੂੰ ਬਿਲਕੁਲ ਅਸਲੀ ਲਗਦਾ ਹੈ। ਸਿਖਲਾਈ ਪ੍ਰੋਗਰਾਮ ਦੌਰਾਨ ਮੈਟਾ ਦੇ ਨਾਲ ਮਿਸਇਨਫਰਮੇਸ਼ਨ ਕੰਬੈਟ ਅਲਾਇੰਸ (ਐਮਸੀਏ) ਟੀਮ ਨੇ ਆਨਲਾਈਨ ਪਲੇਟਫਾਰਮਾਂ ’ਤੇ ਗਲਤ ਜਾਣਕਾਰੀ ਦੀ ਪਛਾਣ ਕਰਨ, ਹਟਾਉਣ ਅਤੇ ਇਸ ਨਾਲ ਨਜਿੱਠਣ ਲਈ ਵੱਖ-ਵੱਖ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਟਰੇਨਿੰਗ ਦਾ ਉਦੇਸ਼ ਡੀਪ ਫੇਕ ਰਾਹੀਂ ਪੈਦਾ ਕੀਤੀ ਗਲਤ ਤੇ ਝੂਠੀ ਜਾਣਕਾਰੀ ਨਾਲ ਨਜਿੱਠਣ ਲਈ ਜਨਤਕ ਤੌਰ ’ਤੇ ਉਪਲਬਧ ਸਾਧਨਾਂ ਅਤੇ ਢੰਗ-ਤਰੀਕਿਆਂ ਦੀ ਵਰਤੋਂ ਕਰਕੇ ਪੁਲੀਸ ਦੀ ਸਮਰੱਥਾ ਨੂੰ ਵਧਾਉਣਾ ਸੀ। ਵਰਕਸ਼ਾਪ ਵਿੱਚ ਹਿੱਸਾ ਲੈਂਦਿਆਂ ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਕਿਹਾ ਕਿ ਗਲਤ ਜਾਣਕਾਰੀ ਅਤੇ ਡੀਪ ਫੇਕ ਦਾ ਮੁੱਦਾ ਨਾਗਰਿਕਾਂ ਲਈ, ਖਾਸ ਕਰਕੇ ਪ੍ਰਮੁੱਖ ਵਿਅਕਤੀਆਂ, ਮਸ਼ਹੂਰ ਹਸਤੀਆਂ ਅਤੇ ਸ਼ਖ਼ਸੀਅਤਾਂ ਲਈ ਚਿੰਤਾ ਦਾ ਵਿਸ਼ਾ ਹੈ। ਸਾਈਬਰ ਸਪੇਸ ਨੂੰ ਉਪਭੋਗਤਾਵਾਂ ਲਈ ਸੁਰੱਖਿਅਤ ਜ਼ੋਨ ਬਣਾਉਣ ਦੇ ਮੰਤਵ ਨਾਲ ਪੰਜਾਬ ਪੁਲੀਸ ਮੁੱਖ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੁਲੀਸ ਡੀਪ ਫੇਕ ਦੇ ਖ਼ਤਰਿਆਂ ਦੇ ਪ੍ਰਭਾਵਸ਼ਾਲੀ ਹੱਲ ਅਪਣਾਉਣ ਲਈ ਵਚਨਬੱਧ ਹੈ। ਇਹ ਸਿਖਲਾਈ ਪੰਜਾਬ ਪੁਲੀਸ ਨੂੰ ਨਾਗਰਿਕਾਂ ਦਰਮਿਆਨ ਸਹੀ ਜਾਣਕਾਰੀ ਦੇ ਪਸਾਰ ਲਈ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵੀ ਨਿਪੁੰਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਧਿਕਾਰੀ ਅਜਿਹੀ ਗਲਤ ਤੇ ਝੂਠੀ ਜਾਣਕਾਰੀ ਨਾਲ ਨਜਿੱਠਣ ਅਤੇ ਸਮੇਂ ਸਿਰ ਸਹੀ ਜਾਣਕਾਰੀ ਦਾ ਪ੍ਰਸਾਰ ਲਈ ਨਵੀਨਤਾਕਾਰੀ ਤਕਨੀਕਾਂ ਅਪਣਾਉਣ ਲਈ ਆਪਣੀ ਸਮਰੱਥਾ ਵਿੱਚ ਵਾਧਾ ਕਰ ਰਹੇ ਹਨ। ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਵੀ ਜਗਦਲੇ ਨੇ ਕਿਹਾ ਕਿ ਸਾਈਬਰ ਸਪੇਸ ਵਿੱਚ ਗਲਤ ਜਾਣਕਾਰੀ/ਡੀਪ ਫੇਕ ਦੇ ਫੈਲਾਅ ਨੂੰ ਰੋਕਣ ਲਈ, ਪੰਜਾਬ ਪੁਲੀਸ ਵੱਲੋਂ ਰੈਪਿਡ ਇਨਫਰਮੇਸ਼ਨ ਕਮਿਊਨੀਕੇਸ਼ਨ ਨੈਟਵਰਕ (ਆਰਆਈਸੀਐਨ) ਵੀ ਤਿਆਰ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਸਾਈਬਰ ਧੋਖੇਬਾਜ਼ਾਂ ਦੇ ਕੰਮ ਕਰਨ ਦੀਆਂ ਵਿਧੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਸਟੇਟ ਸਾਈਬਰ ਕ੍ਰਾਈਮ ਸੈੱਲ ਮੁਹਾਲੀ ਵੱਲੋਂ ਲੋਕਾਂ ਨੂੰ ਸਾਈਬਰ ਸੁਰੱਖਿਆ, ਸੁਰੱਖਿਅਤ ਸਾਈਬਰ ਨਿਯਮਾਂ ਅਤੇ ਵੱਖ-ਵੱਖ ਕਿਸਮਾਂ ਦੇ ਸਾਈਬਰ ਅਪਰਾਧਾਂ ਤੋਂ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਜਿਹੇ ਅਕਾਊਂਟ ਵੀ ਬਣਾਏ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ