ਭਾਰਤ ਬੰਦ: ਮੁਹਾਲੀ ਵਿੱਚ ਰਲਿਆ-ਮਿਲਿਆ ਹੁੰਗਾਰਾ, ਬਾਜ਼ਾਰ ਖੁੱਲ੍ਹੇ, ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 16 ਫਰਵਰੀ:
ਦੇਸ਼ ਵਿੱਚ ਕਿਸਾਨੀ ਤੇ ਖੇਤੀਬਾੜੀ ਨੂੰ ਬਚਾਉਣ ਅਤੇ ਅੰਨਦਾਤਾ ਦੀਆਂ ਬਾਕੀ ਮੰਗਾਂ ਦੀ ਪੂਰਤੀ ਲਈ ਭਾਰਤ ਬੰਦ ਦੇ ਸੱਦੇ ਨੂੰ ਭਾਵੇਂ ਵਕੀਲਾਂ, ਮੁਲਾਜ਼ਮਾਂ, ਪੈਨਸ਼ਨਰ ਬਾਬਿਆਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਸਮਰਥਨ ਦੇਣ ਦੇ ਦਾਅਵੇ ਕੀਤੇ ਗਏ ਸਨ ਪ੍ਰੰਤੂ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਭਾਰਤ ਬੰਦ ਦਾ ਬਹੁਤ ਅਸਰ ਨਜ਼ਰ ਨਹੀਂ ਆਇਆ। ਸ਼ਹਿਰ ਵਿੱਚ ਆਮ ਦਿਨਾਂ ਵਾਂਗ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਖੁੱਲ੍ਹੇ ਰਹੇ। ਸੜਕਾਂ ’ਤੇ ਵੀ ਆਵਾਜਾਈ ਆਮ ਵਾਂਗ ਦੇਖਣ ਨੂੰ ਮਿਲੀ। ਉਂਜ ਏਅਰਪੋਰਟ ਸੜਕ, ਲਾਂਡਰਾਂ ਜੰਕਸ਼ਨ, ਖਰੜ, ਸਿਸਵਾਂ ਵਿੱਚ ਕਿਸਾਨਾਂ ਦੇ ਧਰਨਿਆਂ ਕਾਰਨ ਆਵਾਜਾਈ ਠੱਪ ਰਹੀ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਅਗਵਾਈ ਹੇਠ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰੇ ਮੁਹਾਲੀ ਏਅਰਪੋਰਟ ਸੜਕ ’ਤੇ ਦੁਪਹਿਰ 12 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਤੇਜਿੰਦਰ ਸਿੰਘ ਪੂਨੀਆ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਅਤੇ ਰੋਸ ਪ੍ਰਗਟਾਉਣ ਦਾ ਸੰਵਿਧਾਨਕ ਹੱਕ ਖੋਹ ਕੇ ਵੀ ਕਿਸਾਨਾਂ ਦੀ ਸੰਘੀ ਘੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ।
ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ, ਕਿਸਾਨ ਯੂਨੀਅਨ (ਪੁਆਧ) ਦੇ ਸੂਬਾ ਪ੍ਰਧਾਨ ਤਿਰਲੋਚਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਜਸਪਾਲ ਸਿੰਘ ਦੱਪਰ, ਜਮਹੂਰੀ ਕਿਸਾਨ ਸਭਾ ਦੇ ਰਾਮ ਕ੍ਰਿਸ਼ਨ ਧੁਨਕੀਆ, ਸੈਂਟਰਲ ਟਰੇਡ ਯੂਨੀਅਨ ਦੇ ਇੰਦਰਜੀਤ ਸਿੰਘ ਗਰੇਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਕਮਲਜੀਤ ਸਿੰਘ ਲਾਂਡਰਾਂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਕਮਲਜੀਤ ਸਿੰਘ ਨੇ ਕਿਸਾਨਾਂ ’ਤੇ ਲਾਠੀਚਾਰਜ ਨੂੰ ਜਮਹੂਰੀਅਤ ਦੇ ਮੱਥੇ ’ਤੇ ਕਲੰਕ ਦੱਸਦਿਆਂ ਕਿਹਾ ਕਿ ਕੇਂਦਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਉੱਤੇ ਖੱਟਰ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਪੁਲੀਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾਗ ਕੇ ਅੰਨਦਾਤਾ ਨੂੰ ਬੇਗਾਨਿਆਂ ਦਾ ਅਹਿਸਾਸ ਕਰਵਾਇਆ ਗਿਆ।
ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਖੇਤੀ ਸਬੰਧੀ ਨੀਤੀਆਂ ਕਾਰਪੋਰੇਟ ਘਰਾਣਿਆਂ ਦੀ ਤਰੱਕੀ ਨੂੰ ਮੁੱਖ ਰੱਖ ਕੇ ਬਣਾਈਆਂ ਜਾ ਰਹੀਆਂ ਹਨ। ਜਿਸ ਕਾਰਨ ਅਜੋਕੇ ਸਮੇਂ ਵਿੱਚ ਖੇਤੀਬਾੜੀ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ। ਵਕੀਲਾਂ ਦੀ ਜਥੇਬੰਦੀ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਦੱਪਰ ਅਤੇ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਖ਼ੁਸ਼ਹਾਲੀ ਤੋਂ ਬਿਨਾਂ ਕੋਈ ਵੀ ਮੁਲਕ ਖ਼ੁਸ਼ਹਾਲ ਤੇ ਆਤਮ ਨਿਰਭਰ ਨਹੀ ਹੋ ਸਕਦਾ। ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਅਤੇ ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਨੇ ਵੀ ਸਾਥੀਆਂ ਸਮੇਤ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ, ਦੋਧੀ ਯੂਨੀਅਨ, ਠੇਕਾ ਮੁਲਾਜ਼ਮ ਅਤੇ ਆਜ਼ਾਦ ਜਥੇਬੰਦੀਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ।
ਮੁਹਾਲੀ ਜ਼ਿਲ੍ਹੇ ਵਿੱਚ ਮੁਹਾਲੀ ਏਅਰਪੋਰਟ ਸੜਕ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ, ਖਰੜ ਬੱਸ ਸਟੈਂਡ, ਅਜੀਜ਼ਪੁਰ ਟੋਲ ਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ ਅਤੇ ਬੜੌਦੀ ਟੋਲ ਪਲਾਜ਼ਾ ’ਤੇ ਰੋਸ ਮੁਜ਼ਾਹਰੇ ਕੀਤੇ ਗਏ। ਭਾਰਤ ਬੰਦ ਦੌਰਾਨ ਸਿਰਫ਼ ਐਂਬੂਲੈਂਸਾਂ, ਬਰਾਤਾਂ, ਭੋਗਾਂ ਵਗੈਰਾ ’ਤੇ ਜਾਣ ਵਾਲਿਆਂ ਨੂੰ ਹੀ ਜਾਮ ਤੋਂ ਛੋਟ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…