ਗੀਗੇਮਾਜਰਾ ਸਕੂਲ ਵਿਚ ਜਲਦੀ ਬਣਾਏ ਜਾਣਗੇ ਨਵੇਂ ਕਲਾਸ-ਰੂਮ: ਵਿਧਾਇਕ ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਸਰਕਾਰੀ ਸਕੂਲ ਗੀਗੇਮਾਜਰਾ ਦਾ ਲਿਆ ਜਾਇਜ਼
ਪ੍ਰਿੰਸੀਪਲ, ਸਕੂਲ ਸਟਾਫ਼, ਗਰਾਮ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਨਾਲ ਕੀਤੀ ਅਹਿਮ ਬੈਠਕ
ਨਬਜ਼-ਏ-ਪੰਜਾਬ, ਮੁਹਾਲੀ, 18 ਜੁਲਾਈ 2026:
ਮੁੱਖ ਮੰਤਰੀ ਭਗਵੰਮ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਮੁਹਾਲੀ ਹਲਕੇ ਦੇ ਸਕੂਲਾਂ ਦੀ ਵੀ ਨੁਹਾਰ ਬਦਲੀ ਜਾਵੇਗੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੀਗੇਮਾਜਰਾ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਲੋੜ ਅਨੁਸਾਰ ਨਵੇਂ ਕਲਾਸ-ਰੂਮ ਬਣਾਉਣ ਸਮੇਤ ਰੰਗਲਾ ਪੰਜਾਬ ਮਿਸ਼ਨ ਅਧੀਨ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।
ਇਹ ਭਰੋਸਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੀਗੇਮਾਜਰਾ ਸਕੂਲ ਦਾ ਅਚਾਨਕ ਦੌਰਾ ਕਰਕੇ ਪ੍ਰਬੰਧਾਂ ਅਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਸਕੂਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਵਿਧਾਇਕ ਨੇ ਫੀਤਾ ਕੱਟਿਆ ਅਤੇ ਪ੍ਰਿੰਸੀਪਲ ਤੇ ਸਟਾਫ਼ ਅਤੇ ਵਿਦਿਆਰਥੀਆਂ ਨੇ ਜੀ ਆਇਆ ਨੂੰ ਆਖਿਆ।
ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਦੇਖਿਆ ਕਿ ਸਕੂਲ ਵਿਚ 3-4 ਕਲਾਸ-ਰੂਮਾਂ ਦੇ ਅੱਗੇ ਬਣਿਆ ਬਰਾਂਡਾ ਕਾਫ਼ੀ ਨੁਕਸਾਨਿਆ ਹੋਇਆ ਹੈ। ਇਸ ਬਾਰੇ ਪ੍ਰਿੰਸੀਪਲ ਹਰਿੰਦਰ ਕੌਰ ਅਤੇ ਪੀਟੀਆਈ ਅਧਿਆਪਕ ਤੇ ਸਟੇਟ ਐਵਾਰਡੀ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਬਰਾਂਡੇ ਦੀ ਖ਼ਸਤਾ ਹਾਲਤ ਕਾਰਨ ਹੁਣ ਇਹ ਕਮਰੇ ਵਿਦਿਆਰਥੀਆਂ ਲਈ ਵਰਤੇ ਨਹੀਂ ਜਾ ਰਹੇ। ਇਹ ਗੱਲ ਸੁਣ ਕੇ ਵਿਧਾਇਕ ਨੇ ਤੁਰੰਤ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਮਿੰਟਾਂ ਵਿਚ ਜੇਈ ਉੱਥੇ ਪਹੁੰਚ ਗਿਆ। ਉਨ੍ਹਾਂ ਨੇ ਵਿਧਾਇਕ ਤੇ ਸਕੂਲ ਸਟਾਫ਼ ਦੀ ਮੌਜੂਦਗੀ ਵਿਚ ਇਮਾਰਤ ਦਾ ਨਿਰੀਖਣ ਕੀਤਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਤੁਰੰਤ ਨਵੇਂ ਕਲਾਸ-ਰੂਮ ਬਣਾਏ ਜਾਣ ਅਤੇ ਇਸ ਕੰਮ ਵਿਚ ਬਿਲਕੁਲ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਮਿਸ਼ਨ ਤਹਿਤ ਸਕੂਲ ਵਿਚ ਖੇਡ ਗਰਾਊਂਡ ਬਣਾਏ ਜਾ ਰਹੇ ਹਨ। ਇਸ ਯੋਜਨਾ ਅਧੀਨ ਸਕੂਲ ਵਿਚ ਵਾਲੀਬਾਲ ਗਰਾਊਂਡ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੇ ਅਤੇ ਅਧੁਨਿਕ ਫੁੱਟਬਾਲ ਗਰਾਊਂਡ ਬਣ ਚੁੱਕਾ ਹੈ ਜਦੋਂਕਿ ਬਾਸਕਟਬਾਲ ਅਤੇ ਬੈਡਮਿੰਟਨ ਕੋਟ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਨੂੰ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ। ਪਹਿਲੇ ਦੇ ਮੁਕਾਬਲੇ ਪਿਛਲੇ ਚਾਰ ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿਚ ਸੁਧਾਰ ਆਇਆ ਹੈ ਅਤੇ ਦਾਖ਼ਲਾਦਰ ’ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸਰਪੰਚ ਸਤਨਾਮ ਸਿੰਘ ਨੇ ਵਿਧਾਇਕ ਕੁਲਵੰਤ ਸਿੰਘ ਦਾ ਸਵਾਗਤ ਕੀਤਾ।
ਇਸ ਮੌਕੇ ਮੁਹਾਲੀ ਦੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਮੁਹਾਲੀ ਦੇ ਚੇਅਰਮੈਨ ਅਕਵਿੰਦਰ ਸਿੰਘ ਗੋਸਲ, ਰਣਦੀਪ ਸਿੰਘ ਬੈਦਵਾਨ, ਅਧਿਆਪਕ ਗੁਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।