ਮਨੌਲੀ ਦੀ ਪੁਰਾਣੀ ਮਾਰਕੀਟ ਤੇ ਉਜਾੜੇ ਦਾ ਖ਼ਤਰਾ, ਦੁਕਾਨਦਾਰਾਂ ਦੀ ਰੋਟੀ ਰੋਜ਼ੀ ਤੇ ਛਾਇਆ ਸੰਕਟ

ਨਬਜ਼-ਏ-ਪੰਜਾਬ, ਮੁਹਾਲੀ, 19 ਜੁਲਾਈ:
ਮੁਹਾਲੀ ਦੇ ਨੇੜਲੇ ਪਿੰਡ ਮਨੌਲੀ ਤੋਂ ਜੇਐੱਲਪੀਐੱਲ ਸੈਕਟਰ-82 ਨੂੰ ਆਉਂਦੀ ਸੜਕ ਉੱਤੇ ਸੈਕਟਰ-83 ਵਿਚ ਪੈਂਦੀ ਸੜਕ ਤੇ ਵਸੀ ਹੋਈ ਡੇਢ ਦਹਾਕਾ ਪੁਰਾਣੀ ਮਾਰਕੀਟ ਦਾ ਉਜਾੜੇ ਦਾ ਖ਼ਤਰਾ ਮੰਡਰਾ ਗਿਆ ਹੈ। ਇਸ ਮਾਰਕੀਟ ਵਿਚ ਦਰਜਨ ਤੋਂ ਵੱਧ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਢਾਹੇ ਜਾਣ ਲਈ ਪਿਛਲੇ ਤਿੰਨ ਦਿਨਾਂ ਤੋਂ ਗਮਾਡਾ ਵੱਲੋਂ ਲਗਾਤਾਰ ਗੱਡੀ ਉੱਤੇ ਲਾਊਡ ਸਪੀਕਰ ਰਾਹੀਂ ਮੁਨਿਆਦੀ ਕਰਵਾਈ ਜਾ ਰਹੀ ਹੈ। ਗਮਾਡਾ ਦੀ ਇਸ ਕਾਰਵਾਈ ਨਾਲ ਦਰਜਨ ਤੋਂ ਵੱਧ ਦੁਕਾਨਦਾਰ, ਜਿਹੜੇ ਕਿ ਪਿਛਲੇ ਦਸ ਤੋਂ ਲੈ ਕੇ ਪੰਦਰਾਂ ਸਾਲਾਂ ਤੋਂ ਦੁਕਾਨਾਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਸਨ ਦੀ ਰੋਟੀ ਰੋਜ਼ੀ ਤੇ ਸੰਕਟ ਛਾ ਗਿਆ ਹੈ।
ਪੱਤਰਕਾਰਾਂ ਵੱਲੋਂ ਸਬੰਧਿਤ ਮਾਰਕੀਟ ਦਾ ਦੌਰਾ ਕਰਕੇ ਵੇਖਿਆ ਤਾਂ ਦੁਕਾਨਦਾਰ ਬਹੁਤ ਸਹਿਮੇ ਹੋਏ ਨਜ਼ਰ ਆਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪੰਦਰਾਂ ਪੰਦਰਾਂ ਸਾਲਾਂ ਤੋਂ ਚੱਲ ਰਹੀਆਂ ਦੁਕਾਨਾਂ ਨੂੰ ਉਹ ਮਹਿਜ਼ ਤਿੰਨ ਦਿਨਾਂ ਵਿਚ ਕਿੱਥੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੁਕਾਨਾਂ ਦੇ ਹੋਣ ਵਾਲੇ ਨੁਕਸਾਨ ਦਾ ਘੱਟੋ-ਘੱਟ ਪੰਜ ਲੱਖ ਰੁਪਏ ਪ੍ਰਤੀ ਦੁਕਾਨ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਗਮਾਡਾ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਕੋਲ ਵੀ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਉੱਜੜਨ ਤੋਂ ਬਚਾਇਆ ਜਾਵੇ।
ਇਸੇ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸਬੰਧਤ ਮਾਰਕੀਟ ਵਿਚ ਜਾ ਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਵਿਚ ਮਾਰਕੀਟ ਬਣੀ ਹੋਈ ਹੈ, ਨਾ ਤਾਂ ਉਹ ਗਮਾਡਾ ਦੀ ਜ਼ਮੀਨ ਹੈ, ਨਾ ਹੀ ਉਸ ਦੇ ਨੇੜੇ ਕੋਈ ਗਮਾਡਾ ਦਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਦੀ ਰੋਟੀ-ਰੋਜ਼ੀ ਖੋਹਣਾ ਅਤੇ ਉਜਾੜਨਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਬੰਧਿਤ ਜ਼ਮੀਨ ਦੇ ਇਰਦ-ਗਿਰਦ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਪ੍ਰੋਜੈਕਟ ਹੈ ਤੇ ਵਿਧਾਇਕ ਵੱਲੋਂ ਆਪਣੇ ਪ੍ਰੋਜੈਕਟ ਦਾ ਰਸਤਾ ਸਾਫ਼ ਕਰਨ ਲਈ ਗਮਾਡਾ ਦੀ ਵਰਤੋਂ ਕਰਕੇ ਗ਼ਰੀਬ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਕਿਸੇ ਦੁਕਾਨ ਤੇ ਲੈਂਟਰ ਹੈ ਤੇ ਨਾ ਹੀ ਕੋਈ ਪੱਕਾ ਬੁਨਿਆਦੀ ਢਾਂਚਾ ਹੈ। ਉਨ੍ਹਾਂ ਕਿਹਾ ਵਿਧਾਇਕ ਨੂੰ ਚਾਹੀਦਾ ਹੈ ਕਿ ਸਬੰਧਿਤ ਕਿਸਾਨਾਂ ਤੋਂ ਪਹਿਲਾਂ ਜ਼ਮੀਨ ਖਰੀਦੇ ਅਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੂੰ 10-10 ਲੱਖ ਦਾ ਉਜਾੜਾ ਭੱਤਾ ਦੇ ਕੇ ਦੁਕਾਨਾਂ ਖ਼ਾਲੀ ਕਰਵਾਈਆਂ ਜਾਣ।

ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਬੰਧਿਤ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਗਮਾਡਾ ਆਪਣਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਨੌਲੀ ਦੇ ਸਰਪੰਚ ਦੇ ਨਾਲ ਮਨੌਲੀ ਤੋਂ ਦੁਕਾਨਦਾਰ ਉਨ੍ਹਾਂ ਦੇ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਗਮਾਡਾ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਦੁਕਾਨਦਾਰ ਨਾਲ ਕੋਈ ਧੱਕਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਾਰੇ ਮਾਮਲੇ ਨੂੰ ਵੇਖਣਗੇ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਬੇਰੁਜ਼ਗਾਰ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾਉਣ ਪੰਚਾਇਤਾਂ: ਸੋਨਮ ਚੌਧਰੀ

ਬੇਰੁਜ਼ਗਾਰ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾਉਣ ਪੰਚਾਇਤਾਂ: ਸੋਨਮ ਚੌਧਰੀ …