‘ਆਪ’ ਸਰਕਾਰ ਨੇ ਸਫ਼ਾਈ ਸੇਵਕਾਂ ਦੇ ਹਿੱਤ ਵਿਚ ਇਤਿਹਾਸਕ ਫ਼ੈਸਲੇ ਲਏ: ਕੁਲਵੰਤ ਸਿੰਘ
ਮੁਲਾਜ਼ਮ ਵਰਗ ਦੀ ਨਰਾਜ਼ ਧਿਰਾਂ ਨੂੰ ਹੜਤਾਲ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ
ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਪੰਜਾਬ ਸਰਕਾਰ ਗਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਹਾਲ ਹੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੇ ਹਿੱਤ ਵਿਚ ਇਤਿਹਾਸਕ ਫ਼ੈਸਲੇ ਲਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਾਰਟੀ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਨੇ ਮੁਲਾਜ਼ਮਾਂ ਦੇ ਬਾਕੀ ਨਾਰਾਜ਼ ਗਰੁੱਪਾਂ ਨੂੰ ਵੀ ਹੜਤਾਲ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਨੂੰ ਤਰਜ਼ੀਹ ਦੇਣ ਕਿਉਂਕਿ ਹਰੇਕ ਮਸਲੇ ਦਾ ਹੱਲ ਟੇਬਲ ’ਤੇ ਬੈਠ ਕੇ ਅਸਾਨੀ ਨਾਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਆਊਟਸੋਰਸ ਕਾਮਿਆਂ ਨੂੰ ਹੜਤਾਲ ਖ਼ਤਮ ਕਰਨ ਦੀ ਜ਼ੋਰਦਾਰ ਅਪੀਲ ਵੀ ਕੀਤੀ।
ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਫਰੰਟ-ਲਾਈਨ ਮੁਲਾਜ਼ਮਾਂ ਦੇ ਸੁਧਾਰ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਫ਼ਾਈ ਸੇਵਕ ਅਤੇ ਸੀਵਰਮੈਨਾਂ ਦਾ ਕੰਮ ਸਮਾਜ ਵਿਚ ਸਭ ਤੋਂ ਔਖਾ ਹੈ ਪ੍ਰੰਤੂ ਇਸ ਦੇ ਬਾਵਜੂਦ ਉਹ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਮਹੱਤਵਪੂਰਨ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਇਤਿਹਾਸਕ ਸੁਧਾਰ ਲਾਗੂ ਕੀਤੇ ਹਨ, ਜਿਨ੍ਹਾਂ ਵਿਚ ਸਫ਼ਾਈ ਸੇਵਕਾਂ ਦੀ ਮਹੀਨਾਵਾਰ ਤਨਖ਼ਾਹ 10 ਹਜ਼ਾਰ ਤੋਂ ਵਧਾ ਕੇ 20,500 ਰੁਪਏ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸ਼ੋਸ਼ਣਕਾਰੀ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਕੇ ਸਿੱਧੇ ਸਰਕਾਰੀ ਇਕਰਾਰਨਾਮੇ ਹੇਠ ਲਿਆਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਤਿੰਨ ਸਾਲ ਜਾਂ ਇਸ ਤੋਂ ਵੱਧ ਸਮਾਂ ਪੂਰਾ ਕਰ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਸਪੱਸ਼ਟ ਰਸਤਾ ਤਿਆਰ ਕੀਤਾ ਹੈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਮੁਲਾਜ਼ਮਾਂ, ਮੁਹੱਲਾ ਕਲੀਨਿਕਾਂ ਦੇ ਡਾਕਟਰਾਂ ਤੇ ਫਾਰਮਾਸਿਸਟਾਂ ਅਤੇ ਮਨਰੇਗਾ ਮੁਲਾਜ਼ਮਾਂ ਸਮੇਤ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਦੇ ਮਸਲੇ ਮੇਜ਼ ‘ਤੇ ਬੈਠ ਕੇ ਖੁੱਲ੍ਹੀ ਅਤੇ ਸਾਰਥਕ ਗੱਲਬਾਤ ਰਾਹੀਂ ਹੱਲ ਕੀਤੇ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਓਐੱਸਡੀ ਭੀਮ ਸੈਨ, ਬਲਜੀਤ ਸਿੰਘ ਹੈਪੀ ਤੇ ਹੋਰ ਮੌਜੂਦ ਸਨ।
ਬਾਕਸ:
ਮੁਹਾਲੀ ਵਿਚ ਬੁਨਿਆਦੀ ਢਾਂਚੇ ਦੇ ਸੁਧਾਰ ਬਾਰੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਭਰ ’ਚ ਬਿਜਲੀ ਸੁਧਾਰਾਂ ਲਈ ਰੱਖੇ 5000 ਕਰੋੜ ਰੁਪਏ ’ਚੋਂ 700 ਕਰੋੜ ਰੁਪਏ ਤੋਂ ਵੱਧ ਫੰਡ ਸਿਰਫ਼ ਮੁਹਾਲੀ ਲਈ ਰੱਖਿਆ ਗਿਆ ਹੈ। ਇਸ ਤਹਿਤ ਤਿੰਨ-ਚਾਰ ਦਹਾਕੇ ਪੁਰਾਣੀਆਂ ਤਾਰਾਂ, ਟਰਾਂਸਫਾਰਮਰਾਂ ਅਤੇ ਖ਼ਤਰਨਾਕ ਜੰਕਸ਼ਨ ਬਾਕਸਾਂ ਨੂੰ ਬਦਲਣ ਦਾ ਕੰਮ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਮਨੌਲੀ ਅਤੇ ਕੰਬਾਲਾ ਵਰਗੇ ਪਿੰਡਾਂ ਵਿਚ ਵੀ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਸਰਕਾਰ ਦੀਆਂ ਲੋਕ-ਕਲਿਆਣਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 300 ਯੂਨਿਟ ਮੁਫ਼ਤ ਬਿਜਲੀ, 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ, ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਦਵਾਈਆਂ ਤੇ ਟੈਸਟ, ਅਤੇ ਔਰਤਾਂ ਲਈ 1000 ਅਤੇ 1,500 ਰੁਪਏ ਵਿੱਤੀ ਸਹਾਇਤਾ ਦਿੱਤੀ ਹੈ ਅਤੇ ਹੁਣ ਪਹਿਲੀ ਅਗਸਤ ਤੋਂ ਮੁੜ ਬੀਬੀਆਂ ਦੇ ਫੋਨਾਂ ’ਤੇ ਟੂੰ-ਟੂੰ ਹੋਵੇਗੀ।