ਮੁੱਖ ਮੰਤਰੀ ਦੇ ਘਰ ਆਈ ਨੰਨ੍ਹੀ ਪਰੀ, ਪਤਨੀ ਨੇ ਫੋਰਟਿਸ ਹਸਪਤਾਲ ’ਚ ਧੀ ਨੂੰ ਜਨਮ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 28 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਨੰਨ੍ਹੀ ਪਰੀ ਆਉਣ ਨਾਲ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਅੱਜ ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਧੀ ਨੂੰ ਜਨਮ ਦਿੱਤਾ ਹੈ। ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੇ ਦਿਨੀਂ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖ਼ੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇੱਕ ਪੋਸਟ ਅਪਲੋਡ ਕਰਕੇ ਇਹ ਜਾਣਕਾਰੀ ਜਨਤਕ ਕੀਤੀ। ਉਨ੍ਹਾਂ ਲਿਖਿਆ-ਮਾਂ ਅਤੇ ਬੱਚਾ ਦੋਵੇਂ ਤੰਦਰੁਸਤ\ਸਿਹਤਮੰਦ ਹਨ। ਭਗਵੰਤ ਮਾਨ ਅਤੇ ਉਸ ਦੀ ਮਾਂ ਰਾਤ ਭਰ ਫੋਰਟਿਸ ਹਸਪਤਾਲ ਵਿੱਚ ਰਹੇ ਅਤੇ ਅੱਜ ਸਵੇਰੇ ਮੁੱਖ ਮੰਤਰੀ ਦੀ ਭੈਣ ਅਤੇ ਪਰਿਵਾਰ ਦੇ ਬਾਕੀ ਜੀਅ ਅਤੇ ਕੁੱਝ ਨਜ਼ਦੀਕੀ ਰਿਸ਼ਤੇਦਾਰ ਵੀ ਹਸਪਤਾਲ ਵਿੱਚ ਪਹੁੰਚ ਗਏ।
ਫੋਰਟਿਸ ਹਸਪਤਾਲ ਡਾਕਟਰਾਂ ਵੱਲੋਂ ਅਪਰੇਸ਼ਨ ਰਾਹੀਂ ਬੱਚੇ ਨੂੰ ਜਨਮ ਦਿਵਾਇਆ ਗਿਆ ਅਤੇ ਸਾਰੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਸਰਜਰੀ ਹੋਣ ਕਾਰਨ ਅਗਲੇ ਦੋ ਦਿਨ ਗੁਰਪ੍ਰੀਤ ਕੌਰ ਅਤੇ ਨੰਨ੍ਹੀ ਪਰੀ ਨੂੰ ਮੈਡੀਕਲ ਟੀਮ ਆਪਣੀ ਨਿਗਰਾਨੀ ਹੇਠ ਰੱਖੇਗੀ। ਉਪਰੰਤ ਛੁੱਟੀ ਦੇ ਕੇ ਘਰ ਭੇਜਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਸ਼ਾਮ ਨੂੰ ਵਾਪਸ ਚਲੇ ਗਏ ਸੀ ਪ੍ਰੰਤੂ ਦੇਰ ਰਾਤ ਉਹ ਮੁੜ ਵਾਪਸ ਹਸਪਤਾਲ ਪਹੁੰਚ ਗਏ ਅਤੇ ਰਾਤ ਭਰ ਹਸਪਤਾਲ ਵਿੱਚ ਪਤਨੀ ਕੋਲ ਰਹੇ। ਅੱਜ ਦਿਨ ਵਿੱਚ ਵੀ ਭਗਵੰਤ ਮਾਨ ਨੇ ਫੋਰਟਿਸ ਹਸਪਤਾਲ ਵਿੱਚ ਦੁਪਹਿਰ ਤੱਕ ਦੋ ਵਾਰ ਫੇਰੀ ਪਾ ਕੇ ਆਪਣੀ ਪਤਨੀ ਅਤੇ ਧੀ ਦਾ ਹਾਲ ਜਾਣਿਆ ਅਤੇ ਡਾਕਟਰਾਂ ਨਾਲ ਗੱਲਬਾਤ ਕਰਕੇ ਜੱਚਾ-ਬੱਚਾ ਦੀ ਸਿਹਤਯਾਬੀ ਬਾਰੇ ਜਾਣਕਾਰੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ 26 ਜਨਵਰੀ ਨੂੰ ਲੁਧਿਆਣਾ ਵਿਖੇ ਗਣਤੰਤਰ ਦਿਵਸ ਸਬੰਧੀ ਸੂਬਾ ਪੱਧਰੀ ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਆਪਣੇ ਸੰਬੋਧਨ ਵਿੱਚ ਡਾ. ਗੁਰਪ੍ਰੀਤ ਕੌਰ ਦੇ ਗਰਭ ਅਵਸਥਾ ਵਿੱਚ ਹੋਣ ਅਤੇ ਮਾਰਚ ਮਹੀਨੇ ਆਪਣੇ ਘਰ ਖ਼ੁਸ਼ੀ ਆਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਲਿੰਗ ਟੈੱਸਟ ਨਹੀਂ ਕਰਵਾਇਆ ਹੈ ਅਤੇ ਵਾਹਿਗੁਰੂ ਜੋ ਵੀ ਦਾਤ ਝੋਲੀ ਪਾਉਣਗੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਆਮ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰਨਾ ਚਾਹੀਦਾ। ਕਿਉਂਕਿ ਅੱਜ ਧੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ, ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਮੁੰਡਿਆਂ ਤੋਂ ਵੀ ਅੱਗੇ ਹਨ।

Load More Related Articles
Load More By Nabaz-e-Punjab
Load More In General News

Check Also

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ

ਪੱਕਾ ਮੋਰਚਾ: ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਬੰਦੀ ਸਿੰਘਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਮੁਹਾਲੀ-ਚੰਡੀਗ…