Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਵਿਕਾਸ ਲਈ 13 ਕਰੋੜ ਦੇ ਵਰਕ ਆਰਡਰ ਜਾਰੀ, 12 ਕਰੋੜ ਦੇ ਨਵੇਂ ਕੰਮ ਪਾਸ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਰਵੇ ਮੁਕੰਮਲ, 200 ਕਰੋੜ ਆਏਗਾ ਖਰਚਾ, ਸਰਕਾਰ ਤੋਂ ਮੰਗੀ ਮਦਦ: ਜੀਤੀ ਸਿੱਧੂ ਨਬਜ਼-ਏ-ਪੰਜਾਬ, ਮੁਹਾਲੀ, 12 ਮਈ: ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ 13 ਕਰੋੜ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਜਦੋਂਕਿ 12 ਕਰੋੜ ਰੁਪਏ ਦੇ ਨਵੇਂ ਕੰਮਾਂ ਦੇ ਐਸਟੀਮੇਟ ਪਾਸ ਕੀਤੇ ਗਏ। ਇਨ੍ਹਾਂ ਵਿੱਚ ਸੀਵਰੇਜ, ਫੁੱਟਪਾਥ, ਸੜਕਾਂ ਦੇ ਕੰਮ ਸ਼ਾਮਲ ਹਨ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੈਂਬਰ ਜਸਵੀਰ ਸਿੰਘ ਮਣਕੂ ਤੇ ਅਨੁਰਾਧਾ ਅਨੰਦ, ਮੁੱਖ ਇੰਜੀਨੀਅਰ ਨਰੇਸ਼ ਬੱਤਾ ਤੇ ਹੋਰ ਅਫ਼ਸਰ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਵਿਚਾਰ-ਚਰਚਾ ਕੀਤੀ ਗਈ। ਇਸ ਸਬੰਧੀ ਕਰਵਾਏ ਗਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕੰਮ ਉੱਤੇ 200 ਕਰੋੜ ਰੁਪਏ ਖ਼ਰਚ ਕੀਤੇ ਜਾਣੇ ਹਨ। ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਰਸਾਤੀ ਪਾਣੀ ਦੀਆਂ ਡਰੇਨੇਜ ਪਾਈਪਾਂ ਦੀ ਡੀ-ਸਿਲਟਿੰਗ ਕਰਵਾਉਣ ਲਈ ਚਾਰ ਜ਼ੋਨ ਬਣਾਏ ਗਏ ਹਨ, ਜਿਸ ਦੇ ਟੈਂਡਰ ਹੋ ਗਏ ਹਨ। ਇਸ ਤੋਂ ਇਲਾਵਾ ਐਨ ਚੋਅ ਦੀ ਸਫ਼ਾਈ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਪਹਿਲਾ ਸਾਈਕਲ ਟਰੈਕ ਬੜੀ ਸਫਲਤਾ ਨਾਲ ਚੱਲ ਪਿਆ ਹੈ, ਉਨ੍ਹਾਂ ਦਾ ਟੀਚਾ ਇਹ ਹੈ ਕਿ ਰਿਹਾਇਸ਼ੀ ਖੇਤਰ ਅਤੇ ਮਾਰਕੀਟਾਂ ਨੂੰ ਸਾਈਕਲ ਟਰੈਕ ਰਾਹੀਂ ਜੋੜਿਆ ਜਾਵੇ। ਜਿਸ ਨਾਲ ਨਾ ਸਿਰਫ਼ ਪਾਰਕਿੰਗ ਦੀ ਸਮੱਸਿਆ ਹੱਲ ਹੋਵੇਗੀ ਸਗੋਂ ਲੋਕਾਂ ਦੀ ਸਿਹਤ ਵੀ ਵਧੀਆ ਰਹੇਗੀ। ਮੇਅਰ ਨੇ ਕਿਹਾ ਕਿ ਮੁਹਾਲੀ ਦੇ ਹਰੇਕ ਵਾਰਡ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਕੰਮਾਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ-ਨਾਲ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਸੂਰਤ ਵਿੱਚ ਕੁਆਲਿਟੀ ਨਾਲ ਸਮਝੌਤਾ ਨਾ ਕੀਤਾ ਜਾਵੇ। ਅਧਿਕਾਰੀ ਆਪੋ-ਆਪਣੇ ਖੇਤਰ ਵਿੱਚ ਵਿਕਾਸ ਕੰਮਾਂ ਦੀ ਸਮੇਂ-ਸਮੇਂ ਸਿਰ ਸਮੀਖਿਆ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਸਬੰਧਤ ਠੇਕੇਦਾਰ ਅਤੇ ਅਧਿਕਾਰੀ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ