Share on Facebook Share on Twitter Share on Google+ Share on Pinterest Share on Linkedin ਜਲ ਸਪਲਾਈ ਇੰਜੀਨੀਅਰਾਂ ਵੱਲੋਂ ਮੁੱਖ ਦਫ਼ਤਰ ਮੁਹਾਲੀ ਦੇ ਬਾਹਰ ਤਿੰਨ ਰੋਜ਼ਾ ਧਰਨਾ ਸ਼ੁਰੂ ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ: ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਨੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਅੱਜ ਮੁਹਾਲੀ ਸਥਿਤ ਮੁੱਖ ਦਫ਼ਤਰ ਦੇ ਬਾਹਰ ਮੁੜ ਤੋਂ ਤਿੰਨ ਰੋਜ਼ਾ ਸੂਬਾ ਪੱਧਰੀ ਧਰਨਾ ਸ਼ੁਰੂ ਕਰ ਦਿੱਤਾ ਹੈ। ਸੂਬਾ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਅਤੇ ਜਨਰਲ ਸਕੱਤਰ ਅਰਵਿੰਦ ਸੈਣੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਪਿਛਲੇ ਸਾਲ ਅਤੇ ਇਸ ਵਰ੍ਹੇ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕੋਈ ਵੀ ਪਦਉਨਤੀ ਨਹੀਂ ਹੋਈ ਅਤੇ ਨਾ ਹੀ ਪਦਉਨਤੀ ਕੋਟਾ 50 ਤੋਂ 75 ਫੀਸਦੀ ਕਰਨ ਲਈ ਕੋਈ ਠੋਸ ਕਦਮ ਚੁੱਕੇ ਗਏ। ਬੁਲਾਰਿਆਂ ਨੇ ਕਿਹਾ ਕਿ ਉਪ ਮੰਡਲ ਇੰਜੀਨੀਅਰਾਂ ਨੂੰ ਸਫ਼ਰੀ ਭੱਤਾ ਦੇਣਾ ਤਾਂ ਦੂਰ, ਜੂਨੀਅਰ ਇੰਜੀਨੀਅਰ ਤੋਂ ਖੋਹੇ ਪੈਟਰੋਲ ਭੱਤੇ ਮੁੜ ਬਹਾਲ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ। ਇਹੀ ਨਹੀਂ ਵਿਭਾਗ ਦੇ ਮੰਤਰੀ ਵੱਲੋਂ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਕਰਨ ਲਈ ਵੀ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਕੈਬਨਿਟ ਮੰਤਰੀ ਅਤੇ ਉੱਚ ਅਧਿਕਾਰੀ ਵਾਰ-ਵਾਰ ਉਪਰੋਕਤ ਮੰਗਾਂ ਮੰਨ ਕੇ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾ ਰਹੇ। ਜਿਸ ਕਾਰਨ ਇੰਜੀਨੀਅਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਵਿੱਤ ਸਕੱਤਰ ਕਮਰਜੀਤ ਮਾਨ ਨੇ ਕਿਹਾ ਕਿ ਪਰੋਬੇਸ਼ਨ ਸਮਾਂ ਕਲੀਅਰ ਕਰਨ, ਉਪ ਮੰਡਲ ਇੰਜੀਨੀਅਰਾਂ ਦੀਆਂ ਖੋਹੀਆਂ ਵਿੱਤੀ ਸ਼ਕਤੀਆਂ ਮੁੜ ਬਹਾਲ ਕਰਨ, ਪਦਉਨਤੀ ਕੋਟੇ ਵਿੱਚ ਵਾਧਾ ਕਰਨ ਅਤੇ ਪਦਉਨਤੀ ਲਈ ਸਮਾਂ ਘੱਟ ਕਰਨ, ਨਾਨ ਗਜ਼ਟਿਡ ਨਾਲ ਸਬੰਧਤ ਮਸਲੇ ਮੁੱਖ ਦਫ਼ਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਹੋਰ ਮਸਲਿਆਂ ਦੇ ਹੱਲ ਲਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਸਮੂਹ ਇੰਜੀਨੀਅਰਾਂ ਵਿੱਚ ਵਿਆਪਕ ਰੋਸ ਹੈ। ਅੱਜ ਦੇ ਧਰਨੇ ਨੂੰ ਅਸ਼ਵਨੀ ਕੁਮਾਰ ਅੰਮ੍ਰਿਤਸਰ, ਬਲਰਾਜ ਸਿੰਘ ਬਠਿੰਡਾ, ਅੰਮ੍ਰਿਤਪਾਲ ਸਿੰਘ ਫਰੀਦਕੋਟ, ਮਨਿੰਦਰ ਸਿੰਘ ਸੰਗਰੂਰ, ਪਵਨਦੀਪ ਸਿੰਘ ਪਟਿਆਲਾ, ਪ੍ਰੇਮ ਸਿੰਘ ਲੁਧਿਆਣਾ, ਦੀਪਾਂਸ਼ ਗੁਪਤਾ ਚੰਡੀਗੜ੍ਹ, ਗੁਰਮੁੱਖ ਸਿੰਘ ਫਿਰੋਜ਼ਪੁਰ, ਵਰੁਨ ਭੱਟੀ ਹੁਸ਼ਿਆਰਪੁਰ, ਜਲੌਰ ਸਿੰਘ ਮੁਕਤਸਰ, ਜ਼ੋਰਾਵਰ ਸਿੰਘ ਜਲੰਧਰ, ਰਣਵੀਰ ਸਿੰਘ ਰੂਪਨਗਰ, ਹਰਜੀਤ ਸਿੰਘ ਗੁਰਦਾਸਪੁਰ ਨੇ ਸੰਬੋਧਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ