ਰਿਜ਼ਰਵੇਸ਼ਨ ਚੋਰ ਫੜੋ ਮੋਰਚਾ: ਚੌਕ ਵਿੱਚ ਮ੍ਰਿਤਕ ਪਸ਼ੂ, ਡੰਗਰਾਂ ਦੀਆਂ ਖੱਲਾਂ, ਕੂੜਾ ਸੁੱਟ ਕੇ ਕੀਤਾ ਪਿੱਟ ਸਿਆਪਾ

ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ:
ਐਸਸੀ-ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਵਾਲੀ ਥਾਂ ’ਤੇ ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਉਪਰੰਤ ਵੱਖ-ਵੱਖ ਦਲਿਤ ਸੰਗਠਨਾਂ ਨੇ ਸੂਬਾ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮ੍ਰਿਤਕ ਪਸ਼ੂ ਅਤੇ ਡੰਗਰਾਂ ਦੀਆਂ ਖੱਲਾਂ ਸੁੱਟ ਕੇ ਰੋਸ ਪ੍ਰਗਟਾਇਆ। ਨਾਲ ਹੀ ਜਨਤਕ ਪਖਾਨਿਆਂ ਦੇ ਸਫ਼ਾਈ ਕਰਮਚਾਰੀਆਂ ਨੇ ਚੌਂਕ ਵਿੱਚ ਸ਼ਹਿਰ ਦਾ ਕੂੜਾ-ਕਰਕਟ ਅਤੇ ਗੰਦਗੀ ਸੁੱਟ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਨੇ ਵੀ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਰੇਸ਼ਮ ਸਿੰਘ ਕਾਹਲੋਂ ਨੇ ਕਿਹਾ ਕਿ ਰਸੂਖਵਾਲੇ ਲੋਕਾਂ ਨੇ ਐਸਸੀ\ਬੀਸੀ ਦੇ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਅਤੇ ਹੋਰ ਲਾਭ ਹਾਸਲ ਕੀਤੇ ਹਨ। ਜਿਨ੍ਹਾਂ ’ਚੋਂ ਭਾਵੇਂ ਕਾਫ਼ੀ ਲੋਕਾਂ ਦੇ ਸਰਟੀਫਿਕੇਟ ਤਾਂ ਰੱਦ ਕਰ ਦਿੱਤੇ ਗਏ ਹਨ ਪ੍ਰੰਤੂ ਹਾਲੇ ਤੱਕ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਦਾਗੀ ਵਿਅਕਤੀ ਬੇਖ਼ੌਫ਼ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਅਕਤੀਆਂ ਖ਼ਿਲਾਫ਼ ਤੁਰੰਤ ਫੌਜਦਾਰੀ ਮੁਕੱਦਮੇ ਦਰਜ ਕੀਤੇ ਜਾਣ ਅਤੇ ਨੌਕਰੀ ਦੇ ਏਵਜ ਵਜੋਂ ਸਰਕਾਰੀ ਖ਼ਜ਼ਾਨੇ ਤੋਂ ਹਾਸਲ ਕੀਤੀਆਂ ਤਨਖ਼ਾਹਾਂ ਅਤੇ ਭੱਤੇ ਆਦਿ ਦੀ ਵਸੂਲੀ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਕਿ ਦਲਿਤ ਸੰਗਠਨਾਂ ਵੱਲੋਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ, ਡੀਜੀਪੀ ਅਤੇ ਏਡੀਜੀਪੀ ਨੂੰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਮੌਕੇ ਓਪੀ ਇੰਦਲ, ਗੁਰਮੁੱਖ ਸਿੰਘ ਢੋਲਣ ਮਾਜਰਾ, ਲਖਵੀਰ ਸਿੰਘ ਵਡਾਲਾ, ਬਲਜੀਤ ਸਿੰਘ ਕਕਰਾਲਾ, ਅਵਤਾਰ ਸਿੰਘ ਸੈਂਪਲਾ, ਸਿਮਰਨਜੀਤ ਸਿੰਘ ਸ਼ੈਂਕੀ, ਗੁਰਦੀਪ ਸਿੰਘ ਕਾਲੀ, ਅਜੈਬ ਸਿੰਘ ਬਠੋਈ, ਰਜਿੰਦਰ ਸਿੰਘ ਧਰਮਗੜ੍ਹ, ਰਣਜੀਤ ਸਿੰਘ ਖੰਨਾ, ਬਲਵਿੰਦਰ ਸਿੰਘ ਮੱਕੜਿਆਂ, ਬੱਗਾ ਸਿੰਘ ਚੂਹੜਮਾਜਰਾ, ਪ੍ਰਿੰਸੀਪਲ ਬਨਵਾਰੀ ਲਾਲ, ਪ੍ਰਵੀਨ ਟਾਂਕ, ਦੌਲਤ ਰਾਮ, ਰਿਸ਼ੀ ਰਾਜ ਮਹਾਰ, ਵਿਕਰਮ ਸਿੰਘ, ਮਨਜੀਤ ਸਿੰਘ ਮੇਵਾ, ਗੁਰਨਾਮ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਸਿਮਰਨਜੀਤ ਕੌਰ ਵਡਾਲਾ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਹਰਵਿੰਦਰ ਸਿੰਘ, ਅਮਰੀਕ ਸਿੰਘ, ਪੀ.ਕੇ. ਹੀਰਾ, ਮੁਖ਼ਤਿਆਰ ਸਿੰਘ ਕਕਰਾਲਾ, ਅਵਤਾਰ ਸਿੰਘ ਸਮਾਣਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…