ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨਗੇ ਵੈਟਰਨਰੀ ਡਾਕਟਰਜ਼, ਡਾਇਰੈਕਟਰ ਨੂੰ ਅਲਟੀਮੇਟਮ ਦਿੱਤਾ

ਪੇਅ-ਪੈਰਿਟੀ ਬਹਾਲੀ ਵਿੱਚ ਦੇਰੀ ਕਾਰਨ ਵੈਟਰਨਰੀ ਡਾਕਟਰਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 18 ਅਗਸਤ:
ਪੰਜਾਬ ਭਰ ਦੇ ਵੈਟਰਨਰੀ ਅਫ਼ਸਰ ਅਤੇ ਸੇਵਾਮੁਕਤ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਣ ਪੰਜਾਬ ਦੇ ਡਾਇਰੈਕਟਰ ਡਾ. ਜੀਐਸ ਬੇਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਜਾਇਜ਼ ਮੰਗ ਸਬੰਧੀ ਪੱਤਰ ਸੌਂਪਿਆ ਅਤੇ ਬੀਤੀ 24 ਜੂਨ ਤੋਂ ਚਲ ਰਹੇ ਲੜੀਵਾਰ ਅੰਦੋਲਨ ਬਾਰੇ ਜਾਣੂ ਕਰਵਾਉਂਦਿਆਂ ਮੈਡੀਕਲ ਡਾਕਟਰਾਂ ਦੇ ਨਾਲ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਬਹਾਲ ਕਰਨ ਦੀ ਗੁਹਾਰ ਲਗਾਈ। ਨਾਲ ਹੀ ਵਫ਼ਦ ਨੇ ਅਧਿਕਾਰੀ ਨੂੰ 13 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਕੇ ਤੁਰੰਤ ਲਾਗੂ ਨਹੀਂ ਕੀਤੀਆਂ ਤਾਂ 1 ਸਤੰਬਰ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੇਅ ਪੈਰਿਟੀ ਲਈ ਸੰਯੁਕਤ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸੂਬੇ ਦੇ ਵੈਟਰਨਰੀ ਡਾਕਟਰ ਬੀਤੀ 24 ਜੂਨ ਤੋਂ ਸੰਘਰਸ਼ ਦੀ ਰਾਹ ’ਤੇ ਹਨ ਅਤੇ ਰੋਸ ਵਜੋਂ ਗਊਆਂ-ਮੱਝਾਂ ਵਿੱਚ ਨਕਲੀ ਗਰਭਦਾਨ, ਐਕਸਟੈਨਸ਼ਨ ਕੈਂਪਾਂ ਅਤੇ ਕਈ ਕੇਂਦਰੀ ਸਕੀਮਾਂ ਦਾ ਬਾਈਕਾਟ ਕੀਤਾ ਹੋਇਆ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਪਸ਼ੂ ਪਾਲਣ ਮੰਤਰੀਆਂ ਵੱਲੋਂ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਵੈਟਰਨਰੀ ਅਫ਼ਸਰਾਂ ਦੇ ਸਕੇਲ ਬਹਾਲ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਦਾ ਐਂਟਰੀ ਪੇਅ ਸਕੇਲ 56,100 ਰੁਪਏ ਤੋਂ ਘਟਾ ਕੇ 47,600 ਰੁਪਏ ਕਰਨ ਦਾ ਇਹ ਮੰਦਭਾਗਾ ਫ਼ੈਸਲਾ ਪਿਛਲੀ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਲਾਗੂ ਕੀਤਾ ਗਿਆ ਸੀ।
ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਅਤੇ ਕੋ-ਕਨਵੀਨਰ ਡਾ. ਅਬਦੁਲ ਮਜ਼ੀਦ, ਡਾ. ਪੁਨੀਤ ਮਲਹੋਤਰਾ, ਡਾ. ਹਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਦੀ ਨਾ ਸਿਰਫ਼ ਉਲੰਘਣਾ ਕੀਤੀ ਹੈ, ਸਗੋਂ 5ਵੇਂ, 6ਵੇਂ ਤਨਖ਼ਾਹ ਕਮਿਸ਼ਨ ਅਤੇ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀ ਵੀ ਅਣਦੇਖੀ ਕੀਤੀ ਹੈ। ਜਿਨ੍ਹਾਂ ਨੇ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਪੇਅ ਪੈਰਿਟੀ ਦੀ ਸਿਫ਼ਾਰਸ਼ ਕੀਤੀ ਸੀ।
ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਅਹਿਮ ਮੁੱਦੇ ’ਤੇ ਪਸ਼ੂ ਪਾਲਣ ਮੰਤਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਸਿਰਫ਼ ਝੂਠੇ ਲਾਰੇ ਹੀ ਪੱਲੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮਸਲੇ ਨੂੰ ਲੈ ਕੇ ਗੰਭੀਰ ਨਹੀਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਲੋਕਾਂ ਅਤੇ ਸੂਬੇ ਦੇ ਹਿੱਤ ਵਿੱਚ ਇਸ ਮਾਮਲੇ ਦੇ ਹੱਲ ਲਈ ਨਿੱਜੀਦਖ਼ਲ ਦੇਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਡਾ. ਨਿਤਿਨ ਗੌਤਮ, ਡਾ. ਗੁਰਨਾਮ ਸਿੰਘ, ਡਾ. ਪ੍ਰੇਮ ਕੁਮਾਰ, ਡਾ. ਬੁਧਿੰਦਰ ਸਿੰਘ, ਡਾ. ਦਿਲਮਾਨ ਸਿੰਘ, ਡਾ. ਰੰਜਨ ਪਾਠਕ, ਡਾ. ਨਿਰਮਲ ਬੀਕਾ ਅਤੇ ਡਾ. ਗੁਰਜਾਪ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…