ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਛੇ ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਵੱਡੀ ਮਾਤਰਾਂ ਵਿੱਚ ਚੋਰੀ ਦਾ ਸਮਾਨ ਦਾ ਬਰਾਮਦ, ਪੰਚਕੂਲਾ ਵਿੱਚ ਕਬਾੜੀਏ ਨੂੰ ਵੇਚਦੇ ਸੀ ਚੋਰੀ ਦਾ ਸਮਾਨ

ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਸਮਾਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਦੋ ਅੌਰਤਾਂ ਸਣੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਐਸਪੀ (ਡੀ) ਸ੍ਰੀਮਤੀ ਡਾ. ਜਯੋਤੀ ਯਾਦਵ ਅਤੇ ਡੀਐਸਪੀ (ਡੀ) ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤਾ ਸੈਨੇਟਰੀ ਦਾ ਸਮਾਨ ਅਤੇ ਪਿੱਤਲ/ਤਾਂਬੇ ਦੇ ਭਾਂਡੇ ਬਰਾਮਦ ਕੀਤੇ ਗਏ ਹਨ। ਇਹ ਗਰੋਹ ਕੁਰਾਲੀ, ਖਰੜ, ਮੋਰਿੰਡਾ ਖੇਤਰ ਵਿੱਚ ਸਰਗਰਮ ਸੀ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ।
ਮੁਲਜ਼ਮਾਂ ਦੀ ਪਛਾਣ ਸੀਮਾ ਵਾਸੀ ਸੈਕਟਰ-56, ਚੰਡੀਗੜ੍ਹ, ਮਧੂ ਵਾਸੀ ਡੱਡੂਮਾਜਰਾ, ਸਲੀਮ ਉਰਫ਼ ਸੋਨੂੰ ਅਤੇ ਸਲੀਮ ਪੁੱਤਰ ਬਿੱਲੂ ਦੋਵੇਂ ਵਾਸੀ ਮਿਰਚ ਮੰਡੀ ਰਾਜਪੁਰਾ, ਸਿਕੰਦਰ ਵਾਸੀ ਰਾਜਪੁਰਾ, ਮੰਗਲ ਪ੍ਰਸ਼ਾਦ ਕਬਾੜੀਆ ਵਾਸੀ ਪੁਰਾਣਾ ਪੰਚਕੂਲਾ ਵਜੋਂ ਹੋਈ ਹੈ। ਉਕਤ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ। ਸੀਮਾ ਅਤੇ ਮਧੂ ਦੇ ਖ਼ਿਲਾਫ਼ ਪਹਿਲਾਂ ਵੀ ਸੈਕਟਰ-39 ਤੇ ਖਰੜ ਵਿੱਚ ਚੋਰੀ ਦੇ ਪਰਚੇ ਦਰਜ ਹਨ। ਸਲੀਮ ਵਿਰੁੱਧ ਡੇਰਾਬੱਸੀ, ਸਰਹਿੰਦ, ਮੋਰਿੰਡਾ, ਕੀਰਤਪੁਰ ਸਾਹਿਬ, ਨੂਰਪੁਰਬੇਦੀ ਡਕੈਤੀ ਦੇ ਕਰੀਬ 10 ਪਰਚੇ ਦਰਜ ਹਨ। ਸਲੀਮ ਅਤੇ ਸਿਕੰਦਰ ਦੇ ਖ਼ਿਲਾਫ਼ ਨੂਰਪੁਰਬੇਦੀ ਥਾਣੇ ਵਿੱਚ ਚੋਰੀ ਦਾ 1-1 ਕੇਸ ਦਰਜ ਹੈ। ਮੰਗਲ ਪ੍ਰਸ਼ਾਦ ਪੰਚਕੂਲਾ ਵਿੱਚ ਕਬਾੜ ਦੀ ਦੁਕਾਨ ਕਰਦਾ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਅਤੇ ਉਹ ਹੁਣੇ ਇਨ੍ਹਾਂ ਨਾਲ ਰਲਿਆ ਸੀ।
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਪਿੰਡ ਖੂਨੀਮਾਜਰਾ ਨੇੜੇ ਬਣ ਰਹੀਆਂ ਇਮਾਰਤਾਂ ’ਚੋਂ ਟੂਟੀਆਂ, ਸ਼ਟਰਿੰਗ ਦੀਆਂ ਪਲੇਟਾਂ ਅਤੇ ਸਰੀਆਂ ਚੋਰੀ ਕੀਤਾ ਸੀ। ਲਾਂਡਰਾਂ ਸੜਕ ’ਤੇ ਟਰਾਲੀਆਂ ਬਣਾਉਣ ਵਾਲੀ ਦੁਕਾਨ ਨੂੰ ਪਾੜ ਲਗਾ ਕੇ ਟਰਾਲੀਆਂ ਦੀਆਂ ਹੁੱਕਾਂ ਅਤੇ ਲੋਹਾ ਚੋਰੀ ਕੀਤਾ ਸੀ। ਇੰਜ ਹੀ ਕੁਰਾਲੀ-ਰੂਪਨਗਰ ਸੜਕ ਅਤੇ ਪਿੰਡ ਮਾਜਰੀ ਵਿੱਚ ਮੋਟਰਾਂ ਦੀ ਦੁਕਾਨ ਨੂੰ ਪਾੜ ਕੇ ਨਵੀਆਂ ਅਤੇ ਪੁਰਾਣੀਆਂ ਮੋਟਰਾਂ ਚੋਰੀਆਂ ਕੀਤੀਆਂ ਹਨ। ਪਿੰਡ ਮਾਜਰੀ ਵਿੱਚ ਕੁਰਾਲੀ-ਮੋਰਿੰਡਾ ਸੜਕ ’ਤੇ ਸੈਨੇਟਰੀ ਦੀ ਦੁਕਾਨ ਨੂੰ ਪਾੜ ਲਗਾ ਕੇ ਟੂਟੀਆਂ ਅਤੇ ਸੈਨੇਟਰੀ ਦਾ ਹੋਰ ਸਮਾਨ ਚੋਰੀ ਕੀਤਾ ਗਿਆ। ਇਸੇ ਸੜਕ ’ਤੇ ਭਾਂਡਿਆਂ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਪਿੰਡ ਮਾਣਕੁਪੁਰ ਵਿੱਚ ਬਿਜਲੀ ਦੀ ਦੁਕਾਨ ਨੂੰ ਪਾੜ ਲਗਾ ਕੇ ਬਿਜਲੀ ਦੀਆਂ ਤਾਰਾਂ ਚੋਰੀਆਂ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੀਆਂ ਵਾਰਦਾਤਾਂ ਦੇ ਕਈ ਮਾਮਲੇ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੇ ਚੋਰੀ ਦਾ ਸਮਾਨ ਮੰਗਲ ਪ੍ਰਸ਼ਾਦ ਕਬਾੜੀਏ ਨੂੰ ਵੇਚਿਆ ਸੀ। ਜਿਸ ਨੂੰ ਵੀ ਕਾਬੂ ਕਰ ਲਿਆ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਬਾਕੀ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…