ਏਸੀ ਬੱਸ ਅੱਡੇ ਨੇੜਿਓਂ ਲੰਘਦੀ ਸੜਕ ਦਾ ਅੱਧਾ ਹਿੱਸਾ ਬੰਦ ਹੋਣ ਕਾਰਨ ਰਾਹਗੀਰ ਅੌਖੇ

ਸੜਕ ਦੀ ਮੁਰੰਮਤ ਕਰਕੇ ਆਵਾਜਾਈ ਲਈ ਖੋਲ੍ਹਣ ਦੀ ਮੰਗ, ਅਦਾਲਤ ਦਾ ਬੂਹਾ ਖੜਕਾਵਾਂਗਾ: ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਦਾ ਪਹਿਲਾ ਏਸੀ ਬੱਸ ਅੱਡਾ ਜਿੱਥੇ ਸਫ਼ੈਦ ਹਾਥੀ ਬਣ ਕੇ ਰਹਿ ਗਿਆ ਹੈ, ਉੱਥੇ ਅਕਾਲੀ ਸਰਕਾਰ ਸਮੇਂ ਬੱਸ ਅੱਡੇ ਦੀ ਉਸਾਰੀ ਦੌਰਾਨ ਨੇੜਿਓਂ ਲੰਘਦੀ ਸੜਕ ਦਾ ਅੱਧਾ ਹਿੱਸਾ ਬੰਦ ਕਰਕੇ ਲੋਹੇ ਦੀਆਂ ਚਾਦਰਾਂ ਲਗਾਈਆਂ ਗਈਆਂ ਸਨ ਲੇਕਿਨ ਹੁਣ ਤੱਕ ਨਾ ਤਾਂ ਸਹੀ ਰੂਪ ਵਿੱਚ ਬੱਸ ਅੱਡਾ ਹੀ ਚਾਲੂ ਹੋਇਆ ਅਤੇ ਨਾ ਹੀ ਬੰਦ ਕੀਤੀ ਅੱਧੀ ਸੜਕ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕਰਕੇ ਇਸ ਆਵਾਜਾਈ ਲਈ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਬੱਸ ਅੱਡੇ ਦੀ ਉਸਾਰੀ ਕਰਨ ਸਮੇਂ ਬੰਦ ਕੀਤੀ ਅੱਧੀ ਸੜਕ ਦੀ ਤੁਰੰਤ ਮੁਰੰਮਤ ਕਰਕੇ ਆਵਾਜਾਈ ਚਾਲੂ ਨਹੀਂ ਕੀਤੀ ਗਈ ਤਾਂ ਉਹ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਬੇਦੀ ਨੇ ਗਮਾਡਾ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਪੁੱਛਿਆ ਹੈ ਕਿ ਹੁਣ ਤੱਕ ਇਸ ਸੜਕ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਕਿਉਂਕਿ ਸਰਕਾਰੀ ਅਣਦੇਖੀ ਦੇ ਚੱਲਦਿਆਂ ਇਸ ਖੇਤਰ ਨੇ ਜੰਗਲ ਦਾ ਰੂਪ ਧਾਰ ਲਿਆ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਬੰਦ ਕੀਤੀ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਵੱਡਾ ਹਿੱਸਾ ਧੱਸ ਗਿਆ ਹੈ। ਜਿਸ ਕਾਰਨ ਇੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਗਮਾਡਾ ਵੱਲੋਂ ਇਹ ਸੜਕ ਕਦੋਂ ਬੰਦ ਕੀਤੀ ਸੀ ਅਤੇ ਪ੍ਰਾਈਵੇਟ ਕੰਪਨੀ ਨਾਲ ਕੀ ਸ਼ਰਤਾਂ ਤੈਅ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਉਂਜ ਮੁਹਾਲੀ ਦੀ ਐਂਟਰੀ ’ਤੇ ਇਹ ਡਬਲ ਸੜਕ ਹੈ ਪਰ ਕਈ ਸਾਲਾਂ ਤੋਂ ਸਿੰਗਲ ਰੋਡ ਚੱਲ ਰਹੀ ਹੈ। ਜਿਸ ਕਾਰਨ ਹਮੇਸ਼ਾ ਟਰੈਫ਼ਿਕ ਜਾਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰੀ ਗਮਾਡਾ ਨੂੰ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਹੁਣ ਤੱਕ ਪੂਰੀ ਸੜਕ ’ਤੇ ਆਵਾਜਾਈ ਬਹਾਲ ਨਹੀਂ ਹੋ ਸਕੀ। ਉਨ੍ਹਾਂ ਡੀਸੀ ਮੁਹਾਲੀ ਜੋ ਰੋਡ ਸੇਫ਼ਟੀ ਕਮੇਟੀ ਦੇ ਚੇਅਰਪਰਸਨ ਵੀ ਹਨ ਤੋਂ ਮੰਗ ਕੀਤੀ ਕਿ ਗਮਾਡਾ ਨੂੰ ਹਦਾਇਤਾਂ ਜਾਰੀ ਕਰਕੇ ਸੜਕ ਨੂੰ ਫੌਰੀ ਚਾਲੂ ਕਰਵਾਉਣ ਤਾਂ ਜੋ ਇੱਥੇ ਲੰਮੇ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…