ਚੋਣ ਜ਼ਾਬਤਾ ਖ਼ਤਮ ਹੋਣ ’ਤੇ ਅਧਿਆਪਕ ਮੰਗਾਂ ਹੱਲ ਕਰਨ ਦਾ ਭਰੋਸਾ, ਡੀਟੀਐਫ਼ ਵੱਲੋਂ ਸੰਘਰਸ਼ ਮੁਲਤਵੀ

ਨਬਜ਼-ਏ-ਪੰਜਾਬ, ਮੁਹਾਲੀ, 18 ਮਈ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਅੱਧ ਵਿਚਾਲੇ ਲਮਕ ਰਹੀਆਂ ਵਿਭਾਗੀ ਮੰਗਾਂ ਹੱਲ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐਫ਼) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਤੇ ਜਸਵਿੰਦਰ ਅੌਜਲਾ, ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ, ਨਰਿੰਦਰ ਭੰਡਾਰੀ ਅਤੇ ਡਾ. ਰਵਿੰਦਰ ਕੰਬੋਜ ਨੇ ਸਿੱਖਿਆ ਮੰਤਰੀ ਦੇ ਓਐਸਡੀ ਗੁਲਸ਼ਨ ਛਾਬੜਾ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਦੌਰਾਨ ਜਥੇਬੰਦੀ ਨੇ ਮਾਰਚ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਪੈਨਲ ਮੀਟਿੰਗ ਵਿੱਚ ਵਿਚਾਰੀਆਂ ਮੰਗਾਂ ਸਬੰਧੀ ਹੁਣ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਆਗੂਆਂ ਨੇ ਇਤਰਾਜ਼ ਪ੍ਰਗਟ ਕੀਤਾ।
ਸਿੱਖਿਆ ਅਧਿਕਾਰੀ ਨੇ 11 ਸਾਲ ਤੋਂ ਅਧਿਆਪਕ ਡਾ. ਰਵਿੰਦਰ ਕੰਬੋਜ ਦੇ ਰੋਕੇ ਰੈਗੂਲਰ ਆਰਡਰ ਅਤੇ 13 ਸਾਲ ਤੋਂ ਪੂਰੀ ਤਨਖ਼ਾਹ ਅਤੇ ਪੱਕੇ ਹੋਣ ਦੀ ਉਡੀਕ ਕਰ ਰਹੇ ਅਧਿਆਪਕ ਨਰਿੰਦਰ ਭੰਡਾਰੀ ਦੇ ਸੇਵਾਵਾਂ ਦੀ ਕਨਫਰਮੇਸ਼ਨ ਦੇ ਪੈਂਡਿੰਗ ਆਰਡਰ ਇਸੇ ਮਹੀਨੇ ਜਾਰੀ ਕਰਨ ਦਾ ਭਰੋਸਾ ਦਿੱਤਾ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੇ ਬੀਪੀਈਓ ਖ਼ਿਲਾਫ਼ ਢਿੱਲੀ ਕਾਰਵਾਈ ਨੂੰ ਅਧਿਕਾਰੀਆਂ ਨੇ ਵਿਭਾਗ ਗਲਤੀ ਮੰਨਦਿਆਂ ਸ਼ਿਕਾਇਤਕਰਤਾ ਵੱਲੋਂ ਸਬੂਤ ਵਜੋਂ ਦਿੱਤੀ ਆਡੀਓ ਕਲਿਪ ਅਤੇ ਹੋਰਨਾਂ ਸਬੂਤਾਂ ਦੇ ਅਧਾਰ ’ਤੇ ਛੇਤੀ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਜਥੇਬੰਦੀ ਦੇ ਪ੍ਰੈਸ ਸਕੱਤਰ ਪਵਨ ਕੁਮਾਰ ਅਤੇ ਮੀਤ ਪ੍ਰਧਾਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਬੀਤੀ 14 ਮਾਰਚ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫ਼ੈਸਲਿਆਂ ਦੀ ਰੌਸ਼ਨੀ ਵਿੱਚ ਬਾਕੀ ਵਿਭਾਗੀ ਮਾਮਲਿਆਂ (ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਅਤੇ ਨਾਨ-ਟੀਚਿੰਗ ਦੀਆਂ ਪੈਂਡਿੰਗ ਤਰੱਕੀਆਂ, ਸੀਨੀਆਰਤਾ ਸੂਚੀਆਂ, ਕੰਪਿਊਟਰ ਅਧਿਆਪਕਾਂ ਅਤੇ ਕੱਚੇ ਅਧਿਆਪਕਾਂ ਦੇ ਵਿਭਾਗੀ ਮਾਮਲੇ, 3442/7654/5178 ਭਰਤੀਆਂ ਦੇ ਪੈਂਡਿੰਗ ਰੈਗੂਲਰ ਆਰਡਰ, 7654 ਭਰਤੀ ’ਚੋਂ ਰਹਿੰਦੇ 14 ਹਿੰਦੀ ਮਾਸਟਰ ਦੇ ਰੈਗੂਲਰ ਆਰਡਰ, 31 ਅਕਤੂਬਰ 2023 ਤੱਕ 10 ਸਾਲ ਪੂਰੇ ਕਰ ਚੁੱਕੇ ਸਿੱਖਿਆ ਵਲੰਟਰੀਆਂ ਨੂੰ ਐਸੋਸੀਏਟ ਟੀਚਰਜ਼ ਵਜੋਂ ਆਰਡਰ ਜਾਰੀ ਕਰਨ, 5178 ਅਤੇ 3442 ਭਰਤੀਆਂ ਸਬੰਧੀ ਹੋਏ ਅਦਾਲਤੀ ਫ਼ੈਸਲੇ ਲਾਗੂ ਕਰਨ, 3704, 4161, 3582 ਭਰਤੀਆਂ ਨੂੰ ਟਰੇਨਿੰਗ ਸਮੇਂ ਸਹਿਤ ਸਾਰੇ ਲਾਭ ਦੇਣ, ਪੈਂਡਿੰਗ ਭਰਤੀਆਂ ਪੂਰੀਆਂ ਕਰਨ, ਠੇਕਾ ਆਧਾਰਿਤ ਸਮੇਂ ਨੂੰ ਅਚਨਚੇਤ ਛੁੱਟੀਆਂ ਦੇ ਵਾਧੇ ਲਈ ਯੋਗ ਮੰਨਣ, ਸਿੱਧੀ ਭਰਤੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਇੰਕਰੀਮੈਂਟ ਦੇਣ ਸਬੰਧੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਖ਼ਤਮ ਹੋਣ ’ਤੇ 10 ਤੋਂ 15 ਜੂਨ ਦਰਮਿਆਨ ਡੀਟੀਐਫ਼ ਦੇ ਵਫ਼ਦ ਅਤੇ ਸਿੱਖਿਆ ਅਧਿਕਾਰੀਆਂ ਦੀ ਪੈਨਲ ਮੀਟਿੰਗ ਸੱਦ ਕੇ ਉਕਤ ਸਾਰੇ ਮਸਲੇ ਵਿਚਾਰ ਕੇ ਵਾਜਬ ਹੱਲ ਕੱਢਣ ਦਾ ਭਰੋਸਾ ਦਿੱਤਾ। ਸਿੱਖਿਆ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮਿਲੇ ਭਰੋਸੇ ਦੇ ਮੱਦੇਨਜ਼ਰ ਫਿਲਹਾਲ ਵੱਖ-ਵੱਖ ਹਲਕਿਆਂ ਵਿੱਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਜੋਂ ਅਰਥੀ ਫੂਕ ਮੁਜ਼ਾਹਰੇ ਅਤੇ ਭਲਕੇ 19 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਆਨੰਦਪੁਰ ਵਿੱਚ ਸੰਘਰਸ਼ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…