Share on Facebook Share on Twitter Share on Google+ Share on Pinterest Share on Linkedin ਬੈਸਟੈੱਕ ਮਾਲ ਦੇ ਨਾਈਟ ਕਲੱਬ ’ਚ ਗੋਲੀ ਚੱਲੀ, ਇੱਕ ਜ਼ਖ਼ਮੀ, ਕੇਸ ਦਰਜ, ਦੋ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ, 19 ਜੂਨ: ਇੱਥੋਂ ਦੇ ਬੈਸਟੈੱਕ ਮਾਲ ਅੰਦਰ ਚੱਲਦੇ ਨਾਈਟ ਕਲੱਬ ਵਿੱਚ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਸਿਧਾਰਥ ਡੇਲੂ ਵਾਸੀ ਗੰਗਾਨਗਰ ਵਜੋਂ ਹੋਈ ਹੈ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਅਤੇ ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਅਮਨ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀਆਂ। ਇਸ ਸਬੰਧੀ ਨਾਈਟ ਕਲੱਬ ਦੇ ਮਾਲਕ ਅਦਿੱਤਿਆ ਵਿਜ ਵਾਸੀ ਲੁਧਿਆਣਾ ਅਤੇ ਦੋ ਬਾਊਂਸਰਾਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਕਲੱਬ ਮਾਲਕ ਤੇ ਬਾਊਂਸਰ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਮਿਲੀ ਜਾਣਕਾਰੀ ਲੰਘੀ ਰਾਤ ਗੰਗਾਨਗਰ ਤੋਂ ਸਿਧਾਰਥ ਆਪਣੇ 8-10 ਸਾਥੀਆਂ ਨਾਲ ਬੈਸਟੈੱਕ ਮਾਲ ਸਥਿਤ ਨਾਈਟ ਕਲੱਬ ਵਿੱਚ ਆਏ ਸੀ। ਰਾਤ ਕਰੀਬ ਇੱਕ ਵਜੇ ਸਿਧਾਰਥ ਡੇਲੂ ਅਤੇ ਉਸ ਦੇ ਸਾਥੀਆਂ ਵੱਲੋਂ ਹੁੱਲੜਬਾਜ਼ੀ ਕਰਨ ਲੱਗ ਪਏ, ਜਦੋਂ ਕਲੱਬ ਮਾਲਕ ਅਤੇ ਬਾਊਂਸਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਵਾਂ ਧਿਰਾਂ ਵਿੱਚ ਝਗੜਾ ਵਧ ਗਿਆ। ਇਸ ਦੌਰਾਨ ਸਿਧਾਰਥ ਤੇ ਉਸ ਦੇ ਸਾਥੀਆਂ ਨੂੰ ਕਲੱਬ ’ਚੋਂ ਬਾਹਰ ਕੱਢ ਦਿੱਤਾ ਲੇਕਿਨ ਦੇਖਦੇ ਹੀ ਦੇਖਦੇ ਝਗੜਾ ਜ਼ਿਆਦਾ ਵਧ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਈਟ ਕਲੱਬ ਦੇ ਮਾਲਕ ਅਦਿੱਤਿਆ ਨੇ ਗੋਲੀ ਚਲਾ ਦਿੱਤੀ। ਜਿਸ ਕਾਰਨ ਸਿਧਾਰਥ ਜ਼ਖ਼ਮੀ ਹੋ ਗਿਆ। ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਿਧਾਰਥ ਦੇ ਸਾਥੀਆਂ ਨੇ ਬਾਊਸਰਾਂ ’ਤੇ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਵੀ ਦੋਸ਼ ਲਾਏ ਹਨ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਨਾਈਟ ਕਲੱਬ ਦੇ ਮਾਲਕ ਅਦਿੱਤਿਆ ਵਿਜ ਅਤੇ ਦੋਵੇਂ ਬਾਊਸਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਦਿੱਤਿਆ ਵਿਜ ਅਤੇ ਤੁਸ਼ਾਰ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਪਿਸਤੌਲ, ਗੋਲੀ ਅਤੇ ਖੋਲ੍ਹ ਬਰਾਮਦ ਕੀਤਾ ਗਿਆ ਹੈ। ਜਦੋਂ ਡੀਐਸਪੀ ਨੂੰ ਤੜਕੇ ਸਵੇਰ ਤੱਕ ਨਾਈਟ ਕਲੱਬ ਖੁੱਲ੍ਹਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਨਾਈਟ ਕਲੱਬ ਰਾਤ ਇੱਕ ਵਜੇ ਤੱਕ ਹੀ ਖੁੱਲ੍ਹੇ ਰਹਿ ਸਕਦੇ ਹਨ ਪ੍ਰੰਤੂ ਉਕਤ ਨਾਈਟ ਕਲੱਬ ਕੋਲ ਸਵੇਰੇ ਤਿੰਨ ਵਜੇ ਤੱਕ ਦੀ ਪ੍ਰਮੀਸ਼ਨ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ