nabaz-e-punjab.com

ਅੰਬੇਡਕਰ ਦੇ ਬੁੱਤ ਦੀ ਭੰਨਤੋੜ ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ

ਪੁਲੀਸ ਵੱਲੋਂ ਮੁਲਜ਼ਮ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਏ ਅਹਿਮ ਖ਼ੁਲਾਸੇ

ਮੁਲਜ਼ਮ ਨੇ ਭਾਰਤ-ਪਾਕਿ ਤਣਾਅ ਦੌਰਾਨ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ਲਿਖੇ ਸਨ ਭੜਕਾਊ ਨਾਅਰੇ

ਨਬਜ਼-ਏ-ਪੰਜਾਬ, ਮੁਹਾਲੀ, 19 ਜੂਨ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੁੱਖ ਸੰਚਾਲਕ ਅਤੇ ਅਮਰੀਕਾ ਆਧਾਰਿਤ ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਜ਼ਦੀਕੀ ਸਹਿਯੋਗੀ ਰੇਸ਼ਮ ਸਿੰਘ ਵਾਸੀ ਪਿੰਡ ਹਮਦੀਦੀ (ਬਰਨਾਲਾ) ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਖ਼ਿਲਾਫ਼ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਅਤੇ ਪੰਜਾਬ ਭਰ ਵਿੱਚ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ, ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਗੰਭੀਰ ਦੋਸ਼ ਹਨ। ਬੀਤੇ ਦਿਨੀਂ ਰੇਸ਼ਮ ਸਿੰਘ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਮੁਲਜ਼ਮ ਵਿਰੁੱਧ ਐਸਐਸਓਸੀ ਦੇ ਮੁਹਾਲੀ ਥਾਣੇ ਵਿੱਚ ਬੀਐਨਐਸ ਦੀਆਂ ਧਾਰਾਵਾਂ 151, 196 ਅਤੇ 61(2) ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਟੀਮ ਨੇ ਮੁਲਜ਼ਮ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਮਈ 2025 ਵਿੱਚ ਭਾਰਤ-ਪਾਕਿ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਲੋਕਾਂ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਵਰਗੇ ਭੜਕਾਊ ਨਾਅਰੇ ਲਿਖੇ ਸਨ। ਪੁਲੀਸ ਨੇ ਸੂਰਤਾਂ ਦੇ ਹਵਾਲੇ ਨਾਲ ਕਿਹਾ ਕਿ ਮੁਲਜ਼ਮ ਨੂੰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ।
ਮੁਲਜ਼ਮ ਰੇਸ਼ਮ ਸਿੰਘ ਵੱਲੋਂ ਕੰਧਾਂ ਅਤੇ ਪੁਲਾਂ ’ਤੇ ਖ਼ਾਲਿਸਤਾਨ ਪੱਖੀ ਚਿੱਤਰ ਬਣਾਉਣ, ਨਾਅਰੇ ਲਿਖਣ ਅਤੇ ਪੋਸਟਰ ਲਾਉਣ ਵਰਗੀਆਂ ਗਤੀਵਿਧੀਆਂ, ਜਿਸ ਵਿੱਚ ਵੱਖਵਾਦ, ਹਥਿਆਰਬੰਦ ਬਗਾਵਤ ਜਾਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਉਕਸਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਲ ਹਨ। ਪੁੱਛਗਿੱਛ ਦੌਰਾਨ ਰੇਸ਼ਮ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੂੰ ਪਹਿਲੀ ਵਾਰ 2019 ਵਿੱਚ ਹਰਪ੍ਰੀਤ ਸਿੰਘ ਉਰਫ਼ ਰਾਣਾ, ਜੋ ਅਮਰੀਕਾ ਤੋਂ ਚਲਾਏ ਜਾ ਰਹੇ ਮੀਡੀਆ ਚੈਨਲ ‘ਪਾਲੀਟਿਕਸ ਪੰਜਾਬ’ (ਹੁਣ ਬੈਨ) ਨੂੰ ਹੋਸਟ ਕਰਦਾ ਸੀ, ਰਾਹੀਂ ਐਸਐਫਜੇ ਨੈੱਟਵਰਕ ਨਾਲ ਜਾਣੂ ਕਰਵਾਇਆ ਸੀ। ਹਰਪ੍ਰੀਤ ਰਾਣਾ ਨੇ ਰੇਸ਼ਮ ਸਿੰਘ ਨੂੰ ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਸਮੇਤ ਬਿਕਰਮਜੀਤ ਸਿੰਘ (ਯੂਐਸਏ) ਅਤੇ ਜੇਐਸ ਧਾਲੀਵਾਲ ਨਾਲ ਜੋੜਨ ਵਿੱਚ ਭੂਮਿਕਾ ਨਿਭਾਈ ਸੀ।
ਕਰੀਬ ਦੋ ਸਾਲਾਂ ਬਾਅਦ ਮਈ 2024 ਵਿੱਚ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮੁਲਜ਼ਮ ਨੇ ਸੁਰਿੰਦਰ ਠੀਕਰੀਵਾਲ, ਜੋ ਇੱਕ ਸਾਬਕਾ ਅੱਤਵਾਦੀ ਹੈ ਅਤੇ 2022 ਵਿੱਚ ਅਮਰੀਕਾ ਭੱਜ ਗਿਆ ਸੀ, ਦੇ ਪ੍ਰਭਾਵ ਹੇਠ ਦੇਸ਼ ਵਿਰੋਧੀ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਹਰੇਕ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਬਾਅਦ ਰੇਸ਼ਮ ਸਿੰਘ ਵੀਡੀਓ ਰਿਕਾਰਡ ਕਰਕੇ ਆਪਣੇ ਵਿਦੇਸ਼ੀ ਹੈਂਡਲਰਾਂ ਨੂੰ ਭੇਜਦਾ ਸੀ।
ਮੁਲਜ਼ਮ ਰੇਸ਼ਮ ਸਿੰਘ 23-24 ਮਈ 2024 ਦੀ ਰਾਤ ਨੂੰ ਪਟਿਆਲਾ-ਸੰਗਰੂਰ ਫਲਾਈਓਵਰ ਦੀ ਕੰਧ ਉੱਤੇ ‘ਐਸਐਫਜੇ ਖਾਲਿਸਤਾਨ’ ਨਾਅਰਾ ਲਿਖਿਆ ਸੀ। 23 ਜਨਵਰੀ 2025 ਦੀ ਰਾਤ ਨੂੰ ਨਹਿਰੂ ਸਟੇਡੀਅਮ, ਫਰੀਦਕੋਟ ਦੀ ਕੰਧ ’ਤੇ ਵੀ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਅਤੇ ਕੰਧ ਉੱਤੇ ਖਾਲਿਸਤਾਨ ਦਾ ਝੰਡਾ ਬਣਾਇਆ। ਉਸੇ ਦਿਨ ਮੁਲਜ਼ਮ ਨੇ ਹੋਰ ਨੇੜਲੀਆਂ ਕੰਧਾਂ ’ਤੇ ਕਈ ਨਾਅਰੇ ਲਿਖੇ ਸਨ। 15-16 ਮਈ 2025 ਦੀ ਰਾਤ ਨੂੰ ਉਸਨੇ ਖੁਰਦਪੁਰ ਰੇਲਵੇ ਸਟੇਸ਼ਨ, ਆਦਮਪੁਰ (ਜਲੰਧਰ) ਦੀ ਕੰਧ ’ਤੇ ‘ਖਾਲਿਸਤਾਨ ਜ਼ਿੰਦਾਬਾਦ-ਪਾਕਿਸਤਾਨ ਜ਼ਿੰਦਾਬਾਦ- ਟਰੰਪ ਜ਼ਿੰਦਾਬਾਦ ਲਿਖਿਆ ਸੀ। ਮੁਲਜ਼ਮ ਨੇ ਕੰਧ ’ਤੇ ‘ਪਾਕਿਸਤਾਨੀ ਫੌਜ ਦਾ ਸਿੱਖ ਸਵਾਗਤ ਕਰਦੇ ਹਨ’ ਲਿਖਿਆ ਬੈਨਰ ਵੀ ਲਗਾਇਆ ਸੀ। ਬੀਤੀ 1 ਤੇ 2 ਜੂਨ ਦੀ ਰਾਤ ਨੂੰ ਮੁਲਜ਼ਮ ਨੇ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਕਾਲੇ ਪੇਂਟ ਸਪਰੇਅ ਨਾਲ ਬੇਹੁਰਮਤੀ ਕੀਤੀ ਅਤੇ ਐਸਐਫਜੇ ਦੀ ਮੋਹਰ ਲਗਾ ਕੇ ਆਲੇ-ਦੁਆਲੇ ਖਾਲਿਸਤਾਨ ਦਾ ਝੰਡਾ ਲਗਾਇਆ। ਨੇੜਲੇ ਸਕੂਲ ਦੀ ਕੰਧ ’ਤੇ ਵੀ ‘ਖਾਲਿਸਤਾਨ’ ਦੇ ਨਾਅਰੇ ਲਿਖੇ ਸਨ। 9-10 ਮਾਰਚ 2025 ਨੂੰ ਪਿੰਡ ਘੁੱਦਾ (ਬਠਿੰਡਾ) ਵਿਖੇ ਸੈਂਟਰਲ ਯੂਨੀਵਰਸਿਟੀ ਦੀਆਂ ਕੰਧਾਂ ’ਤੇ ‘ਯੂਐਸ ਟਰੰਪ ਜ਼ਿੰਦਾਬਾਦ’ ‘ਖਾਲਿਸਤਾਨ ਜ਼ਿੰਦਾਬਾਦ’ ਛਾਪਿਆ ਸੀ। ਇੰਜ ਹੀ 8-9 ਜੂਨ ਨੂੰ ਮੁਹਾਲੀ ਵਿੱਚ ਡਾ: ਅੰਬੇਡਕਰ ਹਾਊਸਿੰਗ ਸੁਸਾਇਟੀ ਦੀਆਂ ਕੰਧਾਂ ਉੱਤੇ ‘ਡਾ ਅੰਬੇਡਕਰ ਮੁਰਦਾਬਾਦ: ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਅਤੇ ਝੰਡਾ ਵੀ ਝੁਲਾਇਆ ਸੀ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…