nabaz-e-punjab.com

ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਟੈਕਸੀ ਚਾਲਕ ਤੋਂ ਕਾਰ ਖੋਹੀ, ਕੇਸ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ:
ਇੱਥੋਂ ਦੇ ਫੇਜ਼-2 ਵਿੱਚ ਰਾਧਾ ਕ੍ਰਿਸ਼ਨ ਮੰਦਰ ਨੇੜੇ ਚਾਰ ਅਣਪਛਾਤੇ ਲੁਟੇਰਿਆਂ ਵੱਲੋਂ ਹਥਿਆਰ ਦੀ ਨੋਕ ’ਤੇ ਟੈਕਸੀ ਚਾਲਕ ਤੋਂ ਉਸ ਦੀ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਕਾਰ ਚਾਲਕ ਨਵਦੀਪ ਨੇ ਮੁਹਾਲੀ ਦੇ ਥਾਣਾ ਫੇਜ਼-1 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੁੱਟ-ਖੋਹ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਲੰਘੀ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਅਤੇ ਹੋਰ ਆਸਪਾਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਜਲਦੀ ਹਥਿਆਰਬੰਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਮੁਤਾਬਕ ਪੀੜਤ ਨਵਦੀਪ ਟੈਕਸੀ ਚਲਾਉਂਦਾ ਹੈ। ਬੀਤੀ ਰਾਤ ਉਹ ਦੇਹਰਾਦੂਨ ਤੋਂ ਖਰੜ ਵਿੱਚ ਸਵਾਰੀਆਂ ਛੱਡ ਕੇ ਵਾਪਸੀ ਸਮੇਂ ਪੁਰਾਣਾ ਬੈਰੀਅਰ ਤੋਂ ਖਾਣ ਲਈ ਕੁੱਝ ਸਮਾਨ ਪੈਕ ਕਰਵਾਇਆ ਅਤੇ ਉੱਥੋਂ ਹੀ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਹ ਮੁਹਾਲੀ ਫੇਜ਼-2 ਸਥਿਤ ਬੱਸੀ ਸਿਨੇਮਾ ਨੇੜੇ ਰਾਧਾ ਕ੍ਰਿਸ਼ਨ ਮੰਦਰ ਨੇੜੇ ਪੁੱਜਾ ਤਾਂ ਲੁਟੇਰਿਆਂ ਨੇ ਉਸ ਨੂੰ ਓਵਰਟੇਕ ਕਰਕੇ ਆਪਣੀ ਗੱਡੀ ਉਸ ਦੀ ਕਾਰ ਅੱਗੇ ਲਗਾ ਦਿੱਤੀ। ਉਸ ਨੂੰ ਕਾਰ ਦੀ ਚਾਬੀ ਦੇਣ ਲਈ ਕਿਹਾ ਅਤੇ ਉਸ ਨਾਲ ਹੱਥੋਪਾਈ ਕੀਤੀ। ਜਦੋਂ ਉਸ ਨੇ ਕਾਰ ਦੀ ਚਾਬੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਾਰ ਖੋਹ ਕੇ ਫ਼ਰਾਰ ਹੋ ਗਏ।
ਹਾਲਾਂਕਿ ਕਾਰ ਵਿੱਚ ਜੀਪੀਆਰਐਸ ਸਿਸਟਮ ਵੀ ਲੱਗਿਆ ਸੀ ਪਰ ਲੁਟੇਰਿਆਂ ਨੇ ਜਾਂਦੇ ਸਮੇਂ ਚੱਪੜਚਿੜੀ ਨੇੜੇ ਡਿਸਕੁਨੈਕਟ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪੀੜਤ ਕਾਰ ਚਾਲਕ ਨੇ ਪੁਲੀਸ ਕੰਟਰੋਲ ਰੂਮ ’ਤੇ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਗਈ। ਪੀਸੀਆਰ ਦੇ ਜਵਾਨ ਅਤੇ ਥਾਣਾ ਫੇਜ਼-1 ’ਚੋਂ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਲੁਟੇਰਿਆਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਪੀੜਤ ਕਾਰ ਚਾਲਕ ਨਵਦੀਪ ਫੇਜ਼-2 ਵਿੱਚ ਰਾਜਾ ਟੈਕਸੀ ਸਟੈਂਡ ਦੇ ਮਾਲਕ ਰਾਜਵਿੰਦਰ ਸਿੰਘ ਕੋਲ ਨੌਕਰੀ ਕਰਦਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…