ਪੰਜਾਬ ਦੀਆਂ ਮੰਡੀਆਂ ਵਿੱਚ 100 ਫੀਸਦੀ ਕਣਕ ਦੀ ਖ਼ਰੀਦ ਕੀਤੀ: ਹਰਚੰਦ ਸਿੰਘ ਬਰਸਟ

ਮੰਡੀ ਬੋਰਡ ਦੇ ਚੇਅਰਮੈਨ ਨੇ ਮੀਡੀਆ ਨਾਲ ਕੀਤੀ ਜਾਣਕਾਰੀ ਸਾਂਝੀ, ਖ਼ਰੀਦ ਦਾ ਜਾਇਜ਼ਾ ਲਿਆ

ਕਣਕ ਦੀ ਖ਼ਰੀਦ ਵਿੱਚ ਸੰਗਰੂਰ ਸਭ ਤੋਂ ਮੋਹਰੀ, ਪਟਿਆਲਾ ਦੂਜੇ ਤੇ ਫਿਰੋਜ਼ਪੁਰ ਤੀਜੇ ਸਥਾਨ ’ਤੇ ਰਿਹਾ

ਨਬਜ਼-ਏ-ਪੰਜਾਬ, ਮੁਹਾਲੀ, 7 ਮਈ:
ਹਾੜ੍ਹੀ ਸੀਜ਼ਨ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਲਗਪਗ 100 ਫੀਸਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਖ਼ਰੀਦੇ ਗਏ ਅਨਾਜ ਦੀ ਅਦਾਇਗੀ ਵੀ ਨਾਲੋ-ਨਾਲ ਕੀਤੀ ਗਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 123.81 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਸਾਰੀ ਫ਼ਸਲ ਖਰੀਦੀ ਜਾ ਚੁੱਕੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹਾੜੀ ਸੀਜ਼ਨ ਦੌਰਾਨ 30,077 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਿਟ ’ਚੋਂ ਹੁਣ ਤੱਕ ਕਿਸਾਨਾਂ ਨੂੰ 25387.8 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮੰਡੀਆਂ ਵਿੱਚ ਖ਼ਰੀਦ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਨਤੀਜਨ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਬਿਨਾਂ ਕਿਸੇ ਸਮੱਸਿਆ ਤੋਂ ਕੀਤੀ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮੰਡੀ ਬੋਰਡ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਅੰਨਦਾਤਾ ਦੀ ਖ਼ੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਨਸਪ, ਮਾਰਕਫੈੱਡ, ਪਨਗਰੇਨ, ਵੇਅਰਹਾਊਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਵੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
ਸ੍ਰੀ ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ 1907 ਪੱਕੀਆਂ ਮੰਡੀਆਂ ਅਤੇ 826 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਹੁਣ ਤੱਕ 123.81 ਲੱਖ ਮੀਟਰਿਕ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ’ਚੋਂ 123.26 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ’ਚੋਂ 116.46 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਅਤੇ 6.80 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਪ੍ਰਾਈਵੇਟ ਪੱਧਰ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ’ਚੋਂ 74.17 ਲੱਖ ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖ਼ਰੀਦ ਹੋਈ ਹੈ। ਇੱਥੇ 1198029 ਮੀਟਰਿਕ ਟਨ ਕਣਕ ਦੀ ਖ਼ਰੀਦ ਸਰਕਾਰੀ ਅਤੇ ਪ੍ਰਾਈਵੇਟ ਪੱਧਰ ਤੇ ਕੀਤੀ ਗਈ ਹੈ, ਜਦਕਿ 925382 ਮੀਟਰਿਕ ਟਨ ਖ਼ਰੀਦ ਪਟਿਆਲਾ ਦੂਜੇ ਅਤੇ 847242 ਮੀਟਰਿਕ ਟਨ ਕਣਕ ਦੀ ਖ਼ਰੀਦ ਨਾਲ ਫਿਰੋਜ਼ਪੁਰ ਕੀਤੇ ਸਥਾਨ ’ਤੇ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…