Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਨੇ ਬਾਜ਼ੀ ਮਾਰੀ ਬਾਰ੍ਹਵੀਂ ਜਮਾਤ ਵਿੱਚ ਬਰਨਾਲੇ ਦੀ ਹਰਸੀਰਤ ਕੌਰ ਪੰਜਾਬ ਭਰ ’ਚੋਂ ਅੱਵਲ ਬੋਰਡ ਮੈਨੇਜਮੈਂਟ ਨੇ ਪੁਰਾਣੀ ਰਵਾਇਤ ਤੋੜੀ, ਅੱਜ ਹੀ ਵੈੱਬਸਾਈਟ ’ਤੇ ਚਾੜ੍ਹ ਦਿੱਤਾ ਸਾਰਾ ਨਤੀਜਾ ਨਬਜ਼-ਏ-ਪੰਜਾਬ, ਮੁਹਾਲੀ, 14 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਮੁਤਾਬਕ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਸਮੇਤ ਪਹਿਲੀਆਂ ਅੱਠ ਪੁਜ਼ੀਸ਼ਨਾਂ ’ਤੇ ਲੜਕੀਆਂ ਨੇ ਹਾਸਲ ਕੀਤੀਆਂ ਹਨ। ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਪੁੱਤਰੀ ਸਿਮਰਦੀਪ ਸਿੰਘ ਨੇ (500/500)100 ਫੀਸਦੀ ਅੰਕ ਲੈ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ (ਫਿਰੋਜ਼ਪੁਰ) ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ‘ਚੋਂ 498 ਅੰਕ (99.60 ਫੀਸਦੀ) ਨਾਲ ਪੰਜਾਬ ਵਿੱਚ ਦੂਜਾ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮਾਨਸਾ) ਦੀ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 500 ਚੋਂ 498 ਅੰਕ (99.60 ਫੀਸਦੀ) ਨਾਲ ਪੰਜਾਬ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਬੋਰਡ ਦੇ ਸਕੱਤਰ ਅਮਨਿੰਦਰ ਕੌਰ ਬਰਾੜ ਅਤੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਵੀ ਮੌਜੂਦ ਸਨ। ਬੋਰਡ ਮੁਖੀ ਨੇ ਦੱਸਿਆ ਕਿ ਅਕਾਦਮਿਕ ਸਾਲ 2024-25 ਦੌਰਾਨ ਕੁੱਲ 2,65,489 ਰੈਗੂਲਰ ਅਤੇ 12,630 ਵਿਦਿਆਰਥੀ ਓਪਨ ਸਕੂਲ ਪ੍ਰਣਾਲੀ ਰਾਹੀਂ ਅਪੀਅਰ ਹੋਏ ਸੀ। ਜਿਨ੍ਹਾਂ ’ਚੋਂ 2 ਲੱਖ 41 ਹਜ਼ਾਰ 506 ਬੱਚੇ ਪਾਸ ਹੋਏ ਹਨ। ਜਦੋਂਕਿ 5950 ਵਿਦਿਆਰਥੀਆਂ ਦਾ ਨਤੀਜਾ ਫੇਲ੍ਹ ਦਰਸਾਇਆ ਗਿਆ ਹੈ ਅਤੇ ਕੁੱਝ ਤਕਨੀਕੀ ਕਾਰਨਾਂ ਕਰਕੇ 88 ਵਿਦਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਰੈਗੂਲਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 91 ਫੀਸਦੀ ਅਤੇ ਓਪਨ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਸਤਾ 68.24 ਫੀਸਦੀ ਰਹੀ। ਪਿਛਲੇ ਸਾਲ ਪਾਸ ਪ੍ਰਤੀਸ਼ਸਤਾ 93.4 ਫੀਸਦੀ ਸੀ। ਬੋਰਡ ਨੇ 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ਵਿੱਚ ਰੱਖਿਆ ਹੈ। ਇੰਜ ਹੀ ਓਪਨ ਸਕੂਲਾਂ ਦੇ 52 ਬੱਚੇ ਫੇਲ ਅਤੇ 24 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਸ਼ਹਿਰੀ ਸਕੂਲਾਂ ਦੇ ਮੁਕਾਬਲੇ ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵੱਧ ਹੈ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.20 ਫੀਸਦੀ ਅਤੇ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 90.74 ਫੀਸਦੀ ਹੈ। ਲੜਕਿਆਂ ਦੇ ਮੁਕਾਬਲੇ ਇਸ ਪ੍ਰੀਖਿਆ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.32 ਫੀਸਦੀ ਹੈ ਜਦੋਂਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 88.08 ਫੀਸਦੀ ਹੈ। ਤਿੰਨ ਟਰਾਂਸਜੈਡਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਸਰਕਾਰੀ ਸਕੂਲਾਂ ਦੇ 1 ਲੱਖ 68 ਹਜ਼ਾਰ 979 ਵਿਦਿਆਰਥੀਆਂ ’ਚੋਂ 1 ਲੱਖ 53 ਹਜ਼ਾਰ 969 ਪਾਸ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 91.20 ਫੀਸਦੀ ਹੈ। ਪ੍ਰਾਈਵੇਟ ਸਕੂਲਾਂ ਦੇ 70,763 ’ਚੋਂ 65,437 ਵਿਦਿਆਰਥੀ ਪਾਸ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 92.47 ਫੀਸਦੀ, ਏਡਿਡ ਸਕੂਲਾਂ ਦੇ 25,646 ਵਿਦਿਆਰਥੀਆਂ ’ਚੋਂ 22,275 ਪਾਸ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 86.86 ਫੀਸਦੀ ਹੈ। ਬੋਰਡ ਮੁਖੀ ਨੇ ਦੱਸਿਆ ਕਿ ਰੈਗੂਲਰ ਸਾਇੰਸ ਗਰੁੱਪ ਦੇ ਰੈਗੂਲਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ ਹੈ। ਕਾਮਰਸ ਗਰੁੱਪ ਦੇ 36,767 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.83 ਫੀਸਦੀ ਹੈ। ਹਿਊਮੈਨਟੀਜ ਵਿੱਚ 1,69,152 ਬੱਚਿਆਂ ’ਚੋਂ 1,48,150 ਪਾਸ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.58 ਫੀਸਦੀ ਹੈ। ਸਾਇੰਸ ਦੇ 49,713 ’ਚੋਂ 48,975 ਪਾਸ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.52 ਫੀਸਦੀ ਹੈ। ਵੋਕੇਸ਼ਨਲ ਗਰੁੱਪ ਦੇ 9,756 ’ਚੋਂ 8,780 ਪਾਸ। ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 90 ਫੀਸਦੀ ਹੈ। ਜਦੋਂਕਿ ਓਪਨ ਸਕੂਲਾਂ ਦੇ ਕਾਮਰਸ ਵਿੱਚ 198 ’ਚੋਂ 149 ਬੱਚੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਪ੍ਰਤੀਸ਼ਸਤਾ 75.25 ਫੀਸਦੀ ਹੈ। ਹਿਊਮੈਨਟੀਜ ਗਰੁੱਪ ਦੇ 12,337 ’ਚੋਂ ਸਿਰਫ਼ 8,407 ਬੱਚੇ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.14 ਫੀਸਦੀ ਹੈ। ਸਾਇੰਸ ਗਰੁੱਪ ਦੇ 20 ’ਚੋਂ 13 ਬੱਚੇ ਪਾਸੇ ਅਤੇ ਪਾਸ ਪ੍ਰਤੀਸ਼ਤਤਾ 56.25 ਫੀਸਦੀ ਹੈ। ਪੰਜਾਬ ਬੋਰਡ ਵੱਲੋਂ ਜਾਰੀ 290 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ 234 ਲੜਕੀਆਂ ਨੇ ਮੱਲ੍ਹਾਂ ਮਾਰੀਆਂ ਹਨ ਜਦੋਂਕਿ ਮੁੰਡੇ ਇਸ ਵਾਰ ਵੀ ਫਾਡੀ ਰਹਿ ਗਏ। 26 ਵਿਦਿਆਰਥੀ ਖੇਡ ਕੋਟੇ ਦੇ ਅੰਕ ਲੈ ਕੇ ਪਾਸ ਹੋਏ ਹਨ। ਉਧਰ, ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਨੇ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ ਅੱਜ ਬਾਅਦ ਦੁਪਹਿਰ ਤਿੰਨ ਵਜੇ ਹੀ ਆਪਣੀ ਵੈੱਬਸਾਈਟ www.pseb.ac.in ’ਤੇ ਨਤੀਜਾ ਅਪਲੋਡ ਕਰ ਦਿੱਤਾ ਹੈ ਜਦੋਂਕਿ ਪਹਿਲੇ ਸਮਿਆਂ ਵਿੱਚ ਅਕਸਰ ਪਹਿਲੇ ਦਿਨ ਸਬੰਧਤ ਜਮਾਤ ਦਾ ਨਤੀਜਾ ਘੋਸ਼ਿਤ ਕਰਕੇ ਮੀਡੀਆ ਰਾਹੀਂ ਸਿਰਫ਼ ਮੈਰਿਟ ਸੂਚੀ ਹੀ ਜਾਰੀ ਕੀਤੀ ਜਾਂਦੀ ਸੀ ਅਤੇ ਪੰਜਾਬ ਬੋਰਡ ਆਪਣੀ ਵੈੱਬਸਾਈਟ ’ਤੇ ਅਗਲੇ ਦਿਨ ਪੂਰਾ ਨਤੀਜਾ ਅਪਲੋਡ ਕਰ ਸਕਦਾ ਸੀ ਪਰ ਇਸ ਵਾਰ ਅੱਜ ਹੀ ਸਾਰਾ ਨਤੀਜਾ ਵੈੱਬਸਾਈਟ ਉੱਤੇ ਪਾ ਦਿੱਤਾ ਗਿਆ। ਜਿੱਥੇ ਕਿ ਪ੍ਰੀਖਿਆਰਥੀ ਆਪਣਾ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਸਕੂਲ ਦੇ ਨਾਂ ਅਨੁਸਾਰ ਨਤੀਜਾ ਸੂਚੀਆਂ ਸਕੂਲਾਂ ਦੇ ਪੋਰਟਲ ’ਤੇ ਹੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪ੍ਰੀਖਿਆਰਥੀਆਂ ਦੇ ਨਤੀਜਾ ਦਸਤਾਵੇਜ ਉਨ੍ਹਾਂ ਦੇ 4igi Locker ਵਿੱਚ ਵੀ ਮੁਹੱਈਆ ਕਰਵਾਏ ਜਾਣਗੇ। ਬੋਰਡ ਵੱਲੋਂ ਵੈੱਬਸਾਈਟ ਰਾਹੀਂ 50 ਵਿਦਿਆਰਥੀਆਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਯੋਗਤਾ ਟੈਸਟਿੰਗ ਅਤੇ ਕਰੀਅਰ/ਉਚੇਰੀ ਸਿੱਖਿਆ ਸਬੰਧੀ ਮਾਰਗਦਰਸ਼ਨ/ਆਨਲਾਈਨ ਕੌਂਸਲਿੰਗ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ