ਪਿੰਡ ਮੌਲੀ ਬੈਦਵਾਨ ਦੇ ਨੌਜਵਾਨ ਦਾ ਕਤਲ ਕਰਕੇ ਲਾਸ਼ ਜੰਗਲ ਵਿੱਚ ਸੁੱਟੀ

ਮ੍ਰਿਤਕ ਨੌਜਵਾਨ ਸੁਰੇਸ਼ ਪਾਲ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਸੀ, ਕੇਸ ਦਰਜ

ਸਰਕਾਰੀ ਹਸਪਤਾਲ ਵਿੱਚ ਵੀਰਵਾਰ ਨੂੰ ਹੋਵੇਗਾ ਲਾਸ਼ ਦਾ ਪੋਸਟ ਮਾਰਟਮ

ਨਬਜ਼-ਏ-ਪੰਜਾਬ, ਮੁਹਾਲੀ, 14 ਮਈ:
ਇੱਥੋਂ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਨਾਲ ਲੱਗਦੇ ਜੰਗਲ-ਨੁਮਾ ਏਰੀਆ ’ਚੋਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸੁਰੇਸ਼ ਪਾਲ (36) ਵਾਸੀ ਪਿੰਡ ਮੌਲੀ ਬੈਦਵਾਨ ਵਜੋਂ ਹੋਈ ਹੈ। ਉਹ ਪਿਛਲੇ ਚਾਰ ਦਿਨ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਜੰਗਲ ਵਿੱਚ ਸੁੱਟ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਅਤੇ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਚਾਹਲ ਵੀ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਬਾਅਦ ਵਿੱਚ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸੁਰੇਸ਼ ਪਾਲ ਬੀਤੀ 11 ਮਈ ਤੋਂ ਲਾਪਤਾ ਸੀ। ਉਹ ਕਿਸੇ ਨੂੰ ਦੱਸੇ ਬਿਨਾਂ ਆਪਣੇ ਘਰ ਤੋਂ ਚਲਿਆ ਗਿਆ ਸੀ ਅਤੇ ਉਸ ਦੇ ਭਰਾ ਨਿਰਮਲ ਕੁਮਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਬੀਤੀ ਦਿਨੀਂ 13 ਮਈ ਨੂੰ ਸੋਹਾਣਾ ਥਾਣੇ ਵਿੱਚ ਦਰਜ ਕੀਤੀ ਗਈ ਸੀ। ਸੁਰੇਸ਼ਪਾਲ ਆਪਣੇ ਸੱਤ ਸਾਲ ਦੇ ਬੇਟੇ ਨਾਲ ਆਪਣੇ ਭਰਾ ਨਿਰਮਲ ਕੁਮਾਰ ਨਾਲ ਮੌਲੀ ਬੈਦਵਾਨ ਵਿੱਚ ਰਹਿੰਦਾ ਸੀ ਜਦੋਂਕਿ ਉਸ ਦੀ ਪਤਨੀ ਉਸ ਤੋਂ ਅਲੱਗ ਰਹਿੰਦੀ ਹੈ।
ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਸੁਰੇਸ਼ ਪਾਲ ਐਤਵਾਰ ਤੋਂ ਭੇਦਭਰੀ ਹਾਲਤ ਵਿੱਚ ਅਚਾਨਕ ਲਾਪਤਾ ਹੋ ਗਿਆ ਸੀ। ਅੱਜ ਜਦੋਂ ਉਹ ਉਸ ਨੂੰ ਲੱਭਦੇ ਹੋਏ ਖੇਡ ਸਟੇਡੀਅਮ ਨੇੜਲੇ ਜੰਗਲ ਕੋਲ ਪਹੁੰਚੇ ਤਾਂ ਇੱਕ ਦਰਖ਼ਤ ’ਤੇ ਪੈਂਟ ਲਮਕਦੀ ਹੋਈ ਦਿਖਾਈ ਦਿੱਤੀ। ਜਿਵੇਂ ਹੀ ਹੌਸਲਾ ਕਰਕੇ ਉਹ ਜੰਗਲ ਦੇ ਅੰਦਰ ਗਏ ਅਤੇ ਦੇਖਿਆ ਤਾਂ ਉੱਥੇ ਗਲੀ ਸੜੀ ਲਾਸ਼ ਪਈ ਸੀ। ਬੀਤੇ ਕੱਲ੍ਹ ਉਸ ਦਾ ਮੋਟਰ ਸਾਈਕਲ ਸੜਕ ਕਿਨਾਰੇ ਖੜਾ ਮਿਲਿਆ ਸੀ। ਪਤਾ ਲੱਗਾ ਹੈ ਕਿ ਮੰਗਲਵਾਰ ਨੂੰ ਨਿਰਮਲ ਦੀ ਸੁਰੇਸ਼ਪਾਲ ਫੋਨ ’ਤੇ ਗੱਲ ਵੀ ਹੋਈ ਸੀ, ਉਸ ਨੇ ਰਾਤ ਨੂੰ 9 ਵਜੇ ਤੱਕ ਘਰ ਆਉਣ ਦੀ ਗੱਲ ਕਹੀ ਸੀ ਲੇਕਿਨ ਇਸ ਤੋਂ ਬਾਅਦ ਫੋਨ ਬੰਦ ਹੋ ਗਿਆ।

ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਚਾਹਲ ਨੇ ਕਿਹਾ ਕਿ ਇਸ ਸਬੰਧੀ ਫਿਲਹਾਲ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਅਤੇ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਅਤੇ ਭਲਕੇ ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…