ਪੰਜਾਬ ਡੇਂਗੂ, ਕੋਵਿਡ ਤੇ ਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਿਹਤ ਮੰਤਰੀ

ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆਂ ਤੋਂ ਬਚਾਅ ਲਈ ਕੀਤਾ ਜਾ ਰਿਹਾ ਜਾਗਰੂਕ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਲੌਂਗੀ ਵਿੱਚ ਖ਼ੁਦ ਕੀਤੀ ਡੇਂਗੂ ਲਾਰਵੇ ਦੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 13 ਜੂਨ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਡੇਂਗੂ, ਕੋਵਿਡ ਅਤੇ ਲੂ ਦੇ ਪ੍ਰਭਾਵ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕੁਨਗੁਨੀਆ, ਕਰੋਨਾ ਅਤੇ ਗਰਮੀ ਦੀ ਲਹਿਰ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਅੱਜ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਮੁਹਾਲੀ ਦੀ ਜੂਹ ਵਿੱਚ ਪਿੰਡ ਬਲੌਂਗੀ ਦਾ ਦੌਰਾ ਕੀਤਾ। ਘਰ-ਘਰ ਜਾ ਕੇ ਖ਼ੁਦ ਡੇਂਗੂ ਲਾਰਵੇ ਦੀ ਜਾਂਚ ਕੀਤੀ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਏਅਰ ਕੂਲਰ ਦੀ ਟੈਂਕੀ, ਫ਼ਰਿਜ ਦੀ ਟਰੇਅ, ਗਮਲੇ ਜਾਂ ਪੰਛੀਆਂ ਲਈ ਰੱਖੇ ਪਾਣੀ ਦੇ ਭਾਂਡੇ ਡੇਂਗੂ ਲਾਰਵਾ ਦੀ ਬਹੁਤਾਤ ਵਿੱਚ ਪੈਦਾਵਾਰ ਦੀ ਫੈਕਟਰੀ ਬਣ ਜਾਂਦੇ ਹਨ।
ਸਿਹਤ ਮੰਤਰੀ ਨੇ ਏਅਰ ਕੂਲਰ ਦੀ ਟੈਂਕੀ ਵਿੱਚ ਲਾਰਵਾ ਲੱਭਣ ਵਾਲੀਆਂ ਆਸ਼ਾ ਵਰਕਰਾਂ ਸੋਮਪ੍ਰੀਤ ਕੌਰ ਅਤੇ ਸਰੋਜ ਨੂੰ 500-500 ਰੁਪਏ ਨਗਦ ਇਨਾਮ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹਰ ਸ਼ੁੱਕਰਵਾਰ ਨੂੰ 50,000 ਤੋਂ ਵੱਧ ਟੀਮਾਂ ਜਿਨ੍ਹਾਂ ਵਿੱਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀਪਰਪਜ ਸਿਹਤ ਵਰਕਰ, ਸਕੂਲ ਅਧਿਆਪਕ ਅਤੇ ਬਰੀਡਰ ਚੈੱਕਰ ਸ਼ਾਮਲ ਹਨ, ਘਰ-ਘਰ ਜਾ ਕੇ ਡੇਂਗੂ ਲਾਰਵਾ ਦੀ ਜਾਂਚ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਾਗਰੂਕਤਾ ਕਾਰਨ ਡੇਂਗੂ ਕੇਸ ਅੱਧੇ ਰਹਿ ਗਏ ਸਨ। ਇਸ ਵਾਰੀ ਸਾਨੂੰ 80 ਫੀਸਦੀ ਕਮੀ ਆਉਣ ਦੀ ਉਮੀਦ ਹੈ। ਉਨ੍ਹਾਂ ਲਗਾਤਾਰ ਵਧ ਰਹੇ ਤਾਪਮਾਨ ਅਤੇ ਲੂ ਦੇ ਖ਼ਤਰੇ ਸਬੰਧੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹਲਕੇ ਰੰਗ ਦੇ ਕੱਪੜੇ ਪਾਉਣ, ਸਿਰ ’ਤੇ ਗਿੱਲਾ ਤੌਲੀਆ ਅਤੇ ਨਿੰਬੂ ਪਾਣੀ, ਲੱਸੀ, ਜਲਜ਼ੀਰਾ ਜਾਂ ਹਲਕਾ ਲੂਣ ਮਿਲਿਆ ਸਾਫ਼ ਪਾਣੀ ਵਾਰ-ਵਾਰ ਪੀਣ ਦੀ ਸਲਾਹ ਦਿੱਤੀ।
ਕਰੋਨਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਵੇਂ ਹੁਣ ਤੱਕ 31 ਕੇਸ ਸਾਹਮਣੇ ਆਏ ਹਨ ਪਰ ਉਹ ਬਿਨਾ-ਲੱਛਣ ਅਤੇ ਮਾਈਲਡ ਵੈਰੀਅੰਟ ਹਨ। ਰਿਪੋਰਟ ਹੋਈਆਂ ਦੋ ਮੌਤਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਕੋਵਿਡ ਕਾਰਨ ਨਹੀਂ ਮੰਨੀਆਂ ਜਾ ਸਕਦੀਆਂ, ਕਿਉਂਕਿ ਰੋਗੀਆਂ ਨੂੰ ਹੋਰ ਗੰਭੀਰ ਬਿਮਾਰੀਆਂ ਵੀ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜਨ, ਦਵਾਈਆਂ ਅਤੇ ਐਮਰਜੈਂਸੀ ਬੈੱਡਾਂ ਦੀ ਕੋਈ ਘਾਟ ਨਹੀਂ ਹੈ। ਗਰਭਵਤੀ ਅੌਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਰੋਗ ਪ੍ਰਤੀਰੋਧੀ ਤਾਕਤ ਵਾਲਿਆਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

ਇਸ ਮੌਕੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਤਿੰਦਰ ਕੌਰ, ਐਸਡੀਐਮ ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਰਾਜ ਪੱਧਰੀ ਕਾਰਜਕਾਰੀ ਅਧਿਕਾਰੀ ਡਾ. ਅਰਸ਼ਦੀਪ ਕੌਰ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਸੋਨੀ ਤੇ ਡਾ. ਹਰਮਨਦੀਪ ਕੌਰ ਬਰਾੜ, ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ, ਮਲਟੀ ਪਰਪਜ਼ ਹੈਲਥ ਵਰਕਰ, ਪੰਚਾਇਤ ਮੈਂਬਰ ਅਤੇ ਸਰਪੰਚ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਐਸਡੀਐਮ ਨੂੰ ਪਿੰਡ ਦੇ ਛੱਪੜ ਦੀ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…