ਮੁਹਾਲੀ ਅਦਾਲਤ ਵੱਲੋਂ ਭਾਜਪਾ ਵਿਧਾਇਕ, ਪਤਨੀ ਸਣੇ ਚਾਰ ਦੋਸ਼ੀਆਂ ਨੂੰ 2-2 ਸਾਲ ਕੈਦ ਦੀ ਸਜ਼ਾ

ਮੁਹਾਲੀ ਅਦਾਲਤ ਵੱਲੋਂ ਮਹੀਨੇ ਦੇ ਅੰਦਰ-ਅੰਦਰ 5.5 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਹੁਕਮ

ਨਬਜ਼-ਏ-ਪੰਜਾਬ, ਮੁਹਾਲੀ, 13 ਜੂਨ:
ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਚੈੱਕ ਬਾਊਂਸ ਮਾਮਲੇ ਦਾ ਨਿਬੇੜਾ ਕਰਦਿਆਂ ਅਰੁਣਾਂਚਲ ਪ੍ਰਦੇਸ਼ ਦੇ ਸਾਂਗਲੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਇਤੂ ਤੇਜ਼ੀ, ਉਸ ਦੀ ਪਤਨੀ ਜੱੁਲੀ ਤੇਜ਼ੀ ਅਤੇ ਦੋ ਹੋਰਨਾਂ ਨੂੰ ਦੋਸ਼ੀ ਮੰਨਦੇ ਹੋਏ ਦੋਸ਼ੀਆਂ ਨੂੰ 2-2 ਸਾਲ ਦੀ ਕੈਦ ਅਤੇ 5.5 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਦੋਸ਼ੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਮੁਆਵਜ਼ੇ ਦੀ ਰਾਸ਼ੀ ਦੇਣ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਅਦਾਲਤ ਵਿੱਚ ਲਗਪਗ ਸਾਢੇ ਚਾਰ ਸਾਲ ਚੱਲਿਆ। ਐਡਵੋਕੇਟ ਤੇਜਿੰਦਰ ਸਿੰਘ ਨੇ ਅਦਾਲਤ ਦੇ ਤਾਜ਼ਾ ਫ਼ੈਸਲੇ ਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਇਹ ਮਾਮਲਾ ਜੀਟੀਸੀ ਐਮ ਟਰੇਡਜ਼ ਐਲਐਲਪੀ ਤੋਂ ਖ਼ਰੀਦੀ ਗਈ ਉਸਾਰੀ ਸਮੱਗਰੀ ਲਈ ਜਾਰੀ ਕੀਤੇ ਗਏ 50 ਲੱਖ ਰੁਪਏ ਦੇ ਚੈੱਕ ਬਾਊਂਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਐਡਵੋਕੇਟ ਟੀਐਸ ਗਿੱਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਗਰੇਵਾਲ ਦੀ ਪੰਜਾਬ ਵਿੱਚ ਇੱਕ ਨਾਮੀ ਉਸਾਰੀ ਕੰਪਨੀ ਹੈ। ਕੰਪਨੀ ਦਾ ਭਾਜਪਾ ਵਿਧਾਇਕ ਦੀ ਕੰਪਨੀ ਟੀਕੇ ਇੰਜੀਨੀਅਰਿੰਗ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਸੀ। ਵਿਧਾਇਕ ਨੇ ਸੜਕ ਨਿਰਮਾਣ ਲਈ ਟੈਂਡਰ ਲਿਆ ਸੀ। ਕੁਲਵਿੰਦਰ ਦੀ ਕੰਪਨੀ ਨੇ ਉਨ੍ਹਾਂ ਨੂੰ ਉਸਾਰੀ ਸਮੱਗਰੀ ਪ੍ਰਦਾਨ ਕਰਨੀ ਸੀ, ਜਿਸ ਵਿੱਚ ਸਟੀਲ, ਸੀਮਿੰਟ ਆਦਿ ਸ਼ਾਮਲ ਸਨ। ਸ਼ੁਰੂਆਤੀ ਦਿਨਾਂ ਵਿੱਚ ਭਾਜਪਾ ਵਿਧਾਇਕ ਦੀ ਕੰਪਨੀ ਸਮੇਂ ਸਿਰ ਭੁਗਤਾਨ ਕਰਦੀ ਰਹੀ ਹੈ ਪ੍ਰੰਤੂ ਬਾਅਦ ਵਿੱਚ ਭੁਗਤਾਨ ਕਰਨ ਵਿੱਚ ਦੇਰੀ ਹੋਣ ਲੱਗੀ। ਇਹ ਕੰਮ 2018 ਵਿੱਚ ਸ਼ੁਰੂ ਹੋਇਆ ਸੀ ਪਰ 2020 ਵਿੱਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ।
ਇਸ ਮਗਰੋਂ ਵਿਧਾਇਕ ਨੇ ਕੰਪਨੀ ਦਾ ਗੁੱਸਾ ਸ਼ਾਂਤ ਕਰਨ ਲਈ ਬਕਾਇਆ ਪੈਸਿਆਂ ਦੇ ਭੁਗਤ ਲਈ ਚੈੱਕ ਦਿੱਤਾ ਗਿਆ ਪਰ ਜਦੋਂ ਪੀੜਤ ਕੰਪਨੀ ਨੇ ਚੈੱਕ ਕੈਸ਼ ਕਰਵਾਉਣ ਲਈ ਬੈਂਕ ਵਿੱਚ ਲਗਾਇਆ ਤਾਂ ਵਿਧਾਇਕ ਵੱਲੋਂ ਜਾਰੀ ਭੁਗਤਾਨ ਵਾਲਾ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਹਾਲਾਂਕਿ ਬਚਾਅ ਪੱਖ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ ਕਿ ਵਿਧਾਇਕ ਸੀਨੀਅਰ ਸਿਟੀਜ਼ਨ ਹਨ ਅਤੇ ਉਹ ਪਹਿਲੀ ਵਾਰ ਅਜਿਹੇ ਅਪਰਾਧ ਵਿੱਚ ਸ਼ਾਮਲ ਹੋਏ ਹਨ। ਲਿਹਾਜ਼ਾ ਸਜਾ ਸੁਣਾਉਣ ਸਮੇਂ ਉਨ੍ਹਾਂ ਨਾਲ ਨਰਮੀ ਵਰਤੀ ਜਾਵੇ, ਦੂਜੇ ਪਾਸੇ ਪੀੜਤ ਧਿਰ ਦੇ ਵਕੀਲ ਨੇ ਕਿਹਾ ਕਿ ਇਹ ਛੋਟਾ ਅਪਰਾਧ ਨਹੀਂ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭਾਜਪਾ ਵਿਧਾਇਕ ਰਾਇਤੂ ਤੇਜ਼ੀ, ਉਸ ਦੀ ਪਤਨੀ ਜੱੁਲੀ ਤੇਜ਼ੀ ਅਤੇ ਵਿਧਾਇਕ ਦੀ ਕੰਪਨੀ ਦੇ ਡਾਇਰੈਕਟਰ ਤਾਰਾ ਤੇਜ਼ੀ ਅਤੇ ਪੀਕੇ ਰਾਏ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ 2-2 ਸਾਲ ਦੀ ਕੈਦ ਅਤੇ 5.5 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਗਏ।
ਵਕੀਲ ਟੀਐਸ ਗਿੱਲ ਨੇ ਕਿਹਾ ਕਿ ਲੋਕ ਚੈੱਕ ਬਾਊਂਸ ਦੇ ਮਾਮਲਿਆਂ ਨੂੰ ਮਜ਼ਾਕ ਸਮਝਦੇ ਹਨ ਪਰ ਇਹ ਇੱਕ ਗੰਭੀਰ ਅਪਰਾਧ ਹੈ। ਉਸ ਨੇ ਪੂਰੀ ਸ਼ਿੱਦਤ ਨਾਲ ਇਸ ਕੇਸ ਦੀ ਪੈਰਵਾਈ ਕੀਤੀ ਅਤੇ ਪੀੜਤ ਨੂੰ ਇਨਸਾਫ਼ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਨਾਲ ਆਮ ਲੋਕਾਂ ਦਾ ਨਿਆਂਪਾਲਿਕਾ ਵਿੱਚ ਵਿਸ਼ਵਾਸ ਵਧਿਆ ਹੈ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…