Share on Facebook Share on Twitter Share on Google+ Share on Pinterest Share on Linkedin ਬਿਜਲੀ ਮੰਤਰੀ ਵੱਲੋਂ ਪਾਵਰਕੌਮ ਦੇ ਮੁਹਾਲੀ ਸਥਿਤ ਨਵੇਂ ਕਾਲ ਸੈਂਟਰ ਦੀ ਪ੍ਰਬੰਧਨ ਪ੍ਰਣਾਲੀ ਦੇ ਵਿਸਥਾਰ ਦਾ ਐਲਾਨ 750 ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ: ਹਰਭਜਨ ਸਿੰਘ ਈਟੀਓ ਨਬਜ਼-ਏ-ਪੰਜਾਬ, ਮੁਹਾਲੀ, 30 ਅਪਰੈਲ: ਪੰਜਾਬ ਰਾਜ ਪਾਵਰਕੌਮ ਦੇ ਖਪਤਕਾਰਾਂ ਲਈ ਸ਼ਿਕਾਇਤ ਨਿਵਾਰਣ ਅਤੇ ਸੇਵਾ ਪ੍ਰਦਾਨ ਪ੍ਰਣਾਲੀ ਦੀ ਮਜ਼ਬੂਤੀ ਵੱਲ ਵੱਡੀ ਪੁਲਾਂਘ ਪੁੱਟਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਕਾਲ ਸੈਂਟਰ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਉਦੇਸ਼ ਸੂਬੇ ਭਰ ਵਿੱਚ ਬਿਜਲੀ ਸ਼ਿਕਾਇਤ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਣਾ ਹੈ। ਮੌਜੂਦਾ ਸਮੇਂ ਪੀਐਸਪੀਸੀਐਲ ਖਪਤਕਾਰ ਸ਼ਿਕਾਇਤ ਹੈਲਪਲਾਈਨ (1912) ਨੂੰ ਦੋ ਕਾਲ ਸੈਂਟਰਾਂ ਰਾਹੀਂ ਚਲਾਉਂਦਾ ਹੈ, ਜਿਸ ਵਿੱਚ ਹਰੇਕ ਕੇਂਦਰ ਵਿੱਚ ਪ੍ਰਤੀ ਸ਼ਿਫ਼ਟ ਕੁੱਲ 120 ਸੀਟਾਂ ਹਨ, ਜੋ 24 ਘੰਟੇ ਕੰਮ ਕਰਦੀਆਂ ਹਨ। ਇਸ ਤਰ੍ਹਾਂ ਖਪਤਕਾਰਾਂ ਵੱਲੋਂ ਬਿਜਲੀ ਨਾਲ ਸਬੰਧਤ ਮੁੱਦਿਆਂ ਦੇ ਪ੍ਰਬੰਧਨ ਲਈ ਰੋਜ਼ਾਨਾ 360 ਕਰਮਚਾਰੀ ਕਾਲ ਸੈਂਟਰ ’ਤੇ ਕੰਮ ਵਿੱਚ ਲੱਗੇ ਹੋਏ ਹਨ। ਇਹ ਹੈਲਪਲਾਈਨ 150 ਕਾਲ ਚੈਨਲਾਂ ਵੱਲੋਂ ਸੰਚਾਲਨ ਕਰਦਾ ਹੈ ਪਰ ਇਨ੍ਹਾਂ ਸਰੋਤਾਂ ਦੇ ਬਾਵਜੂਦ ਵੀ ਹਰ ਸਮੇਂ ਅੌਸਤਨ 30 ਕਾਲਾਂ ਉਡੀਕ (ਵੇਟਿੰਗ) ਵਿੱਚ ਰਹਿੰਦੀਆਂ ਹਨ ਹਾਲਾਂਕਿ ਉਨ੍ਹਾਂ ’ਤੇ ਤੁਰੰਤ ਸੁਣਵਾਈ ਕੀਤੀ ਜਾਂਦੀ ਹੈ। ਇਸ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ ਪੀਐਸਪੀਸੀਐਲ ਆਪਣੀ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕਰ ਰਿਹਾ ਹੈ। ਕਾਰਪੋਰੇਸ਼ਨ ਦੇ ਡਾਇਰੈਕਟਰ (ਡਬਲਿਊ.ਟੀ.ਡੀਜ਼) ਨੇ ਕਾਰਜਸ਼ੀਲ ਕਾਲ ਚੈਨਲਾਂ ਦੀ ਗਿਣਤੀ ਨੂੰ 600 ਤੱਕ ਵਧਾਉਣ ਦੀ ਮਹੱਤਵਪੂਰਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚੋਂ 210 ਚੈਨਲ ਮੌਜੂਦਾ ਕਾਲ ਸੈਂਟਰਾਂ ਨੂੰ ਅਲਾਟ ਕੀਤੇ ਜਾਣਗੇ, ਜਦੋਕਿ ਬਾਕੀ ਮੁਹਾਲੀ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਬਿਲਕੁਲ ਨਵੇਂ ਕਾਲ ਸੈਂਟਰ ਵਿੱਚ ਹੋਣਗੇ। ਮੁਹਾਲੀ ਵਿਖੇ ਬਣਨ ਵਾਲੇ ਕਾਲ ਸੈਂਟਰ ਵਿੱਚ ਹਰਕੇ ਸ਼ਿਫ਼ਟ ਲਈ 250 ਸੀਟਾਂ ਹੋਣਗੀਆਂ ਅਤੇ ਇਹ 24 ਘੰਟੇ ਕੰਮ ਕਰੇਗਾ, ਜਿਸ ਅਨੁਸਾਰ ਕੁੱਲ 750 ਕਰਮਚਾਰੀ ਕਾਲ ਸੈਂਟਰ ਵਿੱਚ ਹਰ ਸਮੇਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਲਈ ਹਾਜ਼ਰ ਰਹਿਣਗੇ। ਇਸ ਪਹਿਲਕਦਮੀ ਤੋਂ ਨਾ ਸਿਰਫ਼ ਸੇਵਾ ਪ੍ਰਦਾਨ ਪ੍ਰਣਾਲੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ, ਸਗੋਂ ਇਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏਗਾ। ਪ੍ਰਾਜੈਕਟ ਲਈ ਇੱਕ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਬੋਲੀ ਪ੍ਰਕਿਰਿਆ ਜਲਦੀ ਖ਼ਤਮ ਹੋਣ ਵਾਲੀ ਹੈ। ਇਹ ਨਵੀਂ ਸਹੂਲਤ ਜੂਨ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਦੀ ਉਮੀਦ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਇਹ ਰਣਨੀਤਕ ਪਹਿਲਕਦਮੀ ਖਪਤਕਾਰਾਂ ਦੇ ਮੁੱਦਿਆਂ ਦੇ ਸਮੇਂ ਸਿਰ, ਕੁਸ਼ਲ ਅਤੇ ਢੁਕਵੇਂ ਢੰਗ ਨਾਲ ਹੱਲ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਪੀਐਸਪੀਸੀਐਲ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਕਾਲ ਸੈਂਟਰ ਨਾ ਸਿਰਫ਼ ਕਾਲਾਂ ਦੀ ਵਧਦੀ ਗਿਣਤੀ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ ਬਲਕਿ ਆਧੁਨਿਕ ਸੰਚਾਰ ਤਕਨਾਲੋਜੀਆਂ ਅਤੇ ਸਿਖਲਾਈ ਪ੍ਰਾਪਤ ਸੇਵਾ ਕਰਮਚਾਰੀਆਂ ਰਾਹੀਂ ਸਹਾਇਤਾ ਪ੍ਰਣਾਲੀਆਂ ਨੂੰ ਵੀ ਮਜ਼ਬੂਤੀ ਦੇਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਉੱਨਤ ਦੂਰਸੰਚਾਰ ਬੁਨਿਆਦੀ ਢਾਂਚੇ ਨਾਲ ਲੈਸ ਅਤੇ ਪੇਸ਼ੇਵਰ ਕਰਮਚਾਰੀਆਂ ਦੀ ਮੌਜੂਦਗੀ ਨਾਲ ਇਹ ਮੁਹਾਲੀ ਸੈਂਟਰ, ਉਡੀਕ ਸਮੇਂ ਨੂੰ ਕਾਫ਼ੀ ਹੱਦ ਤੱਕ ਘਟਾਉਣ, ਅਸਲ-ਸਮੇਂ ਦੀ ਸਹਾਇਤਾ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਖਪਤਕਾਰਾਂ ਦੀ ਸੰਤੁਸ਼ਟੀ ਦੇ ਪੱਧਰ ਨੂੰ ਵਧਾਉਣ ਵਿੱਚ ਅਹਿਮ ਸਿੱਧ ਹੋਵੇਗਾ। ਇਹ ਕੇਂਦਰ ਬਿਲਿੰਗ ਸਬੰਧੀ ਮੁੱਦਿਆਂ, ਨਵੇਂ ਕੁਨੈਕਸ਼ਨ ਸਬੰਧੀ ਬੇਨਤੀਆਂ, ਬਿਜਲੀ ਬੰਦ ਹੋਣ ਸਬੰਧੀ ਸ਼ਿਕਾਇਤਾਂ ਅਤੇ ਸੇਵਾ ਸਬੰਧੀ ਆਮ ਸਵਾਲ-ਜਵਾਬ ਵਰਗੀਆਂ ਖਪਤਕਾਰਾਂ ਦੀਆਂ ਬੇਨਤੀਆਂ ਦੀ ਵਿਸ਼ਾਲ ਸ਼੍ਰੇਣੀ ਦਾ ਪ੍ਰਬੰਧਨ ਕਰੇਗਾ। ਸੇਵਾ ਗੁਣਵੱਤਾ ਵਿੱਚ ਸੁਧਾਰ ਕਰਨ ਤੋਂ ਇਲਾਵਾ ਨਵਾਂ ਕਾਲ ਸੈਂਟਰ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਵੀ ਪੈਦਾ ਕਰੇਗਾ, ਜੋ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਹੋਰ ਯੋਗਦਾਨ ਪਾਵੇਗਾ। ਖਪਤਕਾਰ ਹੈਲਪਲਾਈਨ ਨੰਬਰ 1912 ’ਤੇ ਕਿਸੇ ਵੀ ਸਮੇਂ ਕਾਲ ਕਰਕੇ ਸੇਵਾਵਾਂ ਲੈ ਸਕਦੇ ਹਨ, ਜੋ 24 ਘੰਟੇ ਸਰਗਰਮ ਹੈ। ਮੰਤਰੀ ਨੇ ਕਿਹਾ ਕਿ ਪਾਵਰਕੌਮ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਲਈ ਆਪਣੀਆਂ ਖਪਤਕਾਰ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤੀ ਦਿੰਦਿਆਂ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹ ਕਿ ਸਾਡੀ ਖ਼ਪਤਕਾਰ ਸਹਾਇਤਾ ਪ੍ਰਣਾਲੀ ਦਾ ਇਹ ਵਿਸਥਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬਾ ਸਰਕਾਰ ਦੀ ਨਾਗਰਿਕ-ਕੇਂਦਰਿਤ ਪਹੁੰਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਹਤਰ ਸ਼ਾਸਨ ਪ੍ਰਤੀ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਨੂੰ ਸੇਵਾ ਸੁਧਾਰਾਂ ਵਿੱਚ ਬਦਲਣ ਲਈ ਵਚਨਬੱਧ ਹਾਂ, ਜਿਸ ਦਾ ਲਾਭ ਸਿੱਧੇ ਤੌਰ ’ਤੇ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ