Nabaz-e-punjab.com

ਸੈਕਟਰ-69 ਵਿੱਚ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਬਰਸਾਤੀ ਪਾਣੀ ਰੀਚਾਰਜਿੰਗ ਲਈ ਪ੍ਰਾਜੈਕਟ ਦੀ ਸ਼ੁਰੂਆਤ

ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਆਮ ਲੋਕਾਂ ਨੂੰ ਖ਼ੁਦ ਅੱਗੇ ਆ ਕੇ ਕੰਮ ਕਰਨ ਦੀ ਲੋੜ: ਸਤਵੀਰ ਧਨੋਆ

ਸੋਸ਼ਲ ਮੀਡੀਆ ’ਤੇ ਰੇਨ ਵਾਟਰ ਰੀਚਾਰਜਿੰਗ ਪ੍ਰਾਜੈਕਟ ਅਧੀਨ ਤਹਿਤ ਸਸਤਾ ਤੇ ਟਿਕਾਊ ਸਿਸਟਮ ਕੀਤਾ ਤਿਆਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਇੱਥੋਂ ਦੇ ਸੈਕਟਰ-69 ਦੇ ਵਸਨੀਕਾਂ ਨੇ ਪਹਿਲਕਦਮੀ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਬਰਸਾਤੀ ਪਾਣੀ ਸੰਭਾਲ ਲਈ ਵਾਰਡ ਨੰਬਰ-23 ਦੇ ਪਬਲਿਕ ਪਾਰਕ ਵਿੱਚ ਰੇਨ ਵਾਟਰ ਰੀਚਾਰਜਿੰਗ ਪ੍ਰਾਜੈਕਟ ਲਗਾਇਆ ਗਿਆ ਹੈ। ਏਅਰਫੋਰਸ ’ਚੋਂ ਸੇਵਾਮੁਕਤ ਗੁਰਦੀਪ ਸਿੰਘ ਅਟਵਾਲ ਦੀ ਅਗਵਾਈ ਹੇਠ ਇਕ ਸਸਤਾ ਅਤੇ ਟਿਕਾਊ ਵਾਟਰ ਰੀਚਾਰਜਿੰਗ ਸਿਸਟਮ ਬਣਾਇਆ ਗਿਆ ਹੈ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਸੈਕਟਰ ਵਾਸੀਆਂ ਨੇ ਸਰਕਾਰੀ ਮਦਦ ਤੋਂ ਬਿਨਾਂ ਆਪਣੇ ਹੱਥੀਂ ਕੰਮ ਕਰਦਿਆਂ ਇਹ ਪਾਇਲਟ ਪ੍ਰਾਜੈਕਟ ਲਗਾਇਆ ਗਿਆ। ਇਹ ਪ੍ਰਾਜੈਕਟ ਸੋਸ਼ਲ ਮੀਡੀਆ ’ਤੇ ਅਪਲੋਡ ਇਕ ਵੀਡੀਓ ਨੂੰ ਦੇਖ ਕੇ ਤਿਆਰ ਕੀਤਾ ਗਿਆ ਹੈ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸੈਕਟਰ ਵਿੱਚ ਹੋਰ ਵੱਖ ਵੱਖ ਥਾਵਾਂ ’ਤੇ ਇਹ ਪ੍ਰਾਜੈਕਟ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜਗਾੜੂ ਪ੍ਰਾਜੈਕਟ ਦੇ ਤਹਿਤ ਜ਼ਮੀਨ ਵਿੱਚ 6 ਤੋਂ 7 ਫੁੱਟ ਡੂੰਘਾ ਖੱਡਾ ਪੁੱਟ ਕੇ ਉਸ ਵਿੱਚ ਸੁਰਾਖ਼ (ਮੋਘੇ) ਕਰਕੇ ਪਾਣੀ ਦੀ ਵੱਡੀ ਟੈਂਕੀ ਦੱਬੀ ਗਈ ਹੈ। ਜਿਸ ਵਿੱਚ ਮੀਂਹ ਦਾ ਪਾਣੀ ਜਾਣ ਲਈ ਪਾਈਪ ਪਾਈ ਗਈ ਹੈ।
ਸ੍ਰੀ ਧਨੋਆ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਡੂੰਘੇ ਹੁੰਦੇ ਜਾਂਦੇ ਪਾਣੀਆਂ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਗੰਭੀਰ ਹੋਣ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਅਤੇ ਗੁਆਂਢੀ ਇਲਾਕਿਆਂ ਵਿੱਚ ਪਾਣੀ 150 ਤੋਂ 300 ਫੁੱਟ ਡੂੰਘਾ ਬੋਰ ਕਰਨਾ ਪੈ ਰਿਹਾ ਹੈ ਤਾਂ ਕਿਤੇ ਜਾ ਕੇ ਥੋੜ੍ਹਾ ਬਹੁਤ ਪਾਣੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਧਰਤੀ ਹੇਠਲਾ ਪਾਣੀ ਹੋਰ ਥੱਲੇ ਚਲਾ ਜਾਵੇਗਾ ਅਤੇ ਜੇਕਰ ਇਨ੍ਹਾਂ ਕੁਦਰਤੀ ਵਸੀਲਿਆਂ ਦੀ ਸੰਭਾਲ ਨਾ ਕੀਤੀ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਲਿਹਾਜ਼ਾ ਬਰਸਾਤੀ ਦਾ ਪਾਣੀ, ਹੜ੍ਹਾਂ ਦਾ ਪਾਣੀ ਅਤੇ ਫਾਲਤੂ ਪਾਣੀ ਜੋ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ, ਉਸ ਨੂੰ ਕੁਦਰਤੀ ਸਰੋਤਾਂ ਰਾਹੀਂ ਸੰਭਾਲ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਰਕਾਰਾਂ ਦੇ ਹੱਥਾਂ ਵੱਲ ਝਾਕਣ ਦੀ ਥਾਂ ਖ਼ੁਦ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਕੈਪਟਨ ਮੱਖਣ ਸਿੰਘ, ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ, ਕਿਰਪਾਲ ਸਿੰਘ ਲਿਬੜਾ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…