ਸ਼ਰਾਬ ਦਾ ਠੇਕਾ ਖੋਲ੍ਹਣ ਵਿਰੁੱਧ ਪਰਵਿੰਦਰ ਸੋਹਾਣਾ ਦੀ ਅਗਵਾਈ ਹੇਠ ਲੋਕ ਡੀਸੀ ਮੁਹਾਲੀ ਨੂੰ ਮਿਲੇ, ਮੰਗ ਪੱਤਰ ਸੌਂਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਇੱਥੋਂ ਦੇ ਪਿੰਡ ਸੋਹਾਣਾ ਦੀ ਫਿਰਨੀ ’ਤੇ ਇੱਕ ਸ਼ੋਅਰੂਮ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਚੱਲ ਰਹੇ ਵਿਰੋਧ ਦੇ ਚਲਦਿਆਂ ਲੇਬਰਫੈੱਡ ਪੰਜਾਬ ਦੇ ਐਮ.ਡੀ ਪਰਵਿੰਦਰ ਸਿੰਘ ਸੋਹਾਣਾ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਸੋਹਾਣਾ ਤੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਪਾਸੇ ਅਦਾਲਤ ਵੱਲੋਂ ਮੁੱਖ ਮਾਰਗਾਂ ’ਤੇ ਸ਼ਰਾਬ ਦੇ ਠੇਕੇ ਖੋਲ੍ਹਣ ’ਤੇ ਪਾਬੰਦੀ ਲਗਾਈ ਗਈ ਹੈ, ਉਥੇ ਹੀ ਪਿੰਡ ਸੋਹਾਣਾ ਦੀ ਰਿਹਾਇਸ਼ੀ ਇਲਾਕੇ ਦੇ ਬਿੱਲਕੁੱਲ ਨਾਲ ਸ਼ਰਾਬ ਦਾ ਠੇਕਾ ਖੋਲ੍ਹਕੇ ਜਨਤਾ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਠੇਕਾ ਪਿੰਡ ਦੀ ਫਿਰਨੀ ’ਤੇ ਹੋਣ ਕਾਰਨ ਇਥੋਂ ਅੌਰਤਾਂ ਦੇ ਲੰਘਣ ’ਤੇ ਮੁਸ਼ਕਿਲਾਂ ਆਉਣਗੀਆਂ ਤੇ ਪਿੰਡ ਦੇ ਨੌਜਵਾਨ ਵੀ ਸ਼ਰਾਬ ਦੇ ਆਦੀ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਿੰਡ ਇਤਿਹਾਸਕ ਪਿੰਡ ਵਜੋਂ ਜਾਣਿਆ ਜਾਂਦਾ ਹੈ, ਲਿਹਾਜਾ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਦੇ ਇਸ ਠੇਕੇ ਨੂੰ ਬੰਦ ਨਹੀਂ ਕਰਵਾਇਆ ਗਿਆ ਤਾਂ ਉਨ੍ਹਾਂ ਵੱਲੋਂ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਿੰਡ ਦੇ ਅੰਦਰ ਹੀ ਅਜਿਹੇ ਸ਼ਰਾਬ ਦੇ ਠੇਕੇ ਖੁੱਲ੍ਹਵਾਕੇ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਧੱਕ ਰਹੀ ਹੈ।
ਇਸ ਮੌਕੇ ਨੰਬਰਦਾਰ ਹਰਵਿੰਦਰ ਸਿੰਘ, ਸੁਰਜੀਤ ਸਿੰਘ, ਜੱਗਾ ਸਿੰਘ, ਕ੍ਰਿਸ਼ਨ, ਤਰਲੋਚਨ ਸਿੰਘ, ਲਖਵਿੰਦਰ ਸਿੰਘ, ਰਣਬੀਰ ਸਿੰਘ, ਦਰਸ਼ਨ ਸਿੰਘ ਬੈਦਵਾਣ, ਅਮਰੀਕ ਸਿੰਘ, ਨਛੱਤਰ ਸਿੰਘ, ਰਵਿੰਦਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਕੌਰ, ਕਰਮਜੀਤ ਕੌਰ, ਹਰਮੇਲ ਕੌਰ, ਰਜਿੰਦਰ ਕੌਰ, ਜਸਵਿੰਦਰ ਕੌਰ, ਪ੍ਰੀਤਮ ਕੌਰ, ਜਸਵੰਤ ਕੌਰ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ। ਇਨ੍ਹਾਂ ਵਿਅਕਤੀਆਂ ਨੇ ਕਿਹਾ ਕਿ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਰਿਹਾਇਸ਼ੀ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ, ਇਸ ਠੇਕੇ ਦਾ ਇਥੋੱ ਦੇ ਵਸਨੀਕਾਂ ਅਤੇ ਬੱਚਿਆਂ ਉਪਰ ਮਾੜਾ ਅਸਰ ਪੈ ਰਿਹਾ ਹੈ ਉਹਨਾਂ ਮੰਗ ਕੀਤੀ ਹੈ ਕਿ ਇਹ ਠੇਕਾ ਤੁਰੰਤ ਬੰਦ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…