Share on Facebook Share on Twitter Share on Google+ Share on Pinterest Share on Linkedin ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ, 15 ਟਰਾਲੀਆਂ ਕੂੜੇ ਨਾਲ ਭਰੀਆਂ ਖੜੀਆਂ ਕੋਈ ਸੁਣਨ ਵਾਲਾ ਨਹੀਂ ਨਬਜ਼-ਏ-ਪੰਜਾਬ, ਮੁਹਾਲੀ, 28 ਅਕਤੂਬਰ: ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਰਕਾਰ ਸਫ਼ਾਈ ਦੇ ਮਾਮਲੇ ਵਿੱਚ ਖੋਖਲੇ ਅਤੇ ਦੋਗਲੇ ਦਾਅਵੇ ਕਰ ਰਹੀ ਹੈ। ਮੁਹਾਲੀ ਵਰਗਾ ਅੱਤ ਮਹੱਤਵਪੂਰਨ ਸ਼ਹਿਰ, ਜੋ ਪੰਜਾਬ ਦੀ ਸ਼ਾਨ ਮੰਨਿਆ ਜਾਂਦਾ ਹੈ, ਅੱਜ ਕੂੜੇ ਦੇ ਢੇਰਾਂ ਹੇਠ ਦਬ ਰਿਹਾ ਹੈ ਅਤੇ ਇਸ ਲਈ ਪੂਰੀ ਤਰ੍ਹਾਂ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿਧਾਇਕ ਇਹ ਸੋਚ ਰਹੇ ਹਨ ਕਿ ਸਫ਼ਾਈ ਰੋਕ ਕੇ ਨਗਰ ਨਿਗਮ ਨੂੰ ਬਦਨਾਮ ਕੀਤਾ ਜਾ ਸਕਦਾ ਹੈ। ਪਰ ਅਸਲ ਹਕੀਕਤ ਇਹ ਹੈ ਕਿ ਮੁਹਾਲੀ ਦੇ ਲੋਕ ਪੜ੍ਹੇ ਲਿਖੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਸ਼ਹਿਰ ਦੀ ਗੰਦਗੀ ਲਈ ਜ਼ਿੰਮੇਵਾਰ ਕੌਣ ਹੈ। ਅੱਜ ਮੁਹਾਲੀ ਦੇ ਸੈਕਟਰ 78 ਵਿੱਚ ਠੇਕੇਦਾਰ ਲਲਿਤ ਜੋ ਕਿ ‘ਏ’ ਅਤੇ ‘ਬੀ’ ਰੋਡ ਉਤੋਂ ਕੂੜਾ ਚੁੱਕਦਾ ਹੈ, ਨੇ ਕੂੜੇ ਨਾਲ ਭਰੀਆਂ 15 ਟਰਾਲੀਆਂ ਪਾਰਕਿੰਗ ਵਿੱਚ ਖੜੀਆਂ ਕਰ ਦਿੱਤੀਆਂ ਜੋ ਇਹ ਦਰਸਾਉਂਦੀਆਂ ਨੇ ਕਿ ਸ਼ਹਿਰ ਵਿੱਚ ਕੂੜੇ ਦਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਅੱਜ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਜੇਕਰ ਡੰਪਿੰਗ ਗਰਾਊਂਡ ਵਾਸਤੇ ਜਗ੍ਹਾ ਨਾ ਮਿਲੀ ਤਾਂ ਸ਼ਹਿਰ ਦੇ ਕੂੜੇ ਨਾਲ ਭਰੀਆਂ ਟਰਾਲੀਆਂ ਡੀਸੀ ਦਫਤਰ ਦੇ ਸਾਹਮਣੇ ਖੜੀਆਂ ਕੀਤੀਆਂ ਜਾਣਗੀਆਂ। ਸਫ਼ਾਈ ਕਰਮਚਾਰੀਆਂ ਤੇ ਟਰਾਲੀ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੂੜਾ ਸੁੱਟਣ ਲਈ ਕੋਈ ਜਗ੍ਹਾ ਨਹੀਂ। ‘‘ਠੇਕੇਦਾਰ ਲਲਿਤ ਨੇ ਕਿਹਾ ਕਿ ਸਾਡੇ ਕੋਲ ਸਾਈਟ ਨਹੀਂ, ਤੇ ਸਰਕਾਰ ਕਹਿੰਦੀ ਜਗ੍ਹਾ ਦਿੱਤੀ ਹੋਈ ਹੈ।’’ ਕਈ ਕਰਮਚਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਕੂੜਾ ਸੁੱਟਣ ਵਾਲੀ ਦੱਸੀ ਜਗ੍ਹਾ ਤੇ ਜਾਂਦੇ ਹਨ ਤਾਂ ਉਥੇ ਬੰਦੂਕਾਂ ਨਾਲ ਖੜੇ ਲੋਕ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੰਦੇ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹਨ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜਣਾ ਪੈਂਦਾ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਖੁਦ ਮੌਕੇ ‘ਤੇ ਪਹੁੰਚ ਕੇ ਹਾਲਾਤ ਵੇਖੇ ਤੇ ਕਿਹਾ ਕਿ ‘‘ਐਮਐਲਏ ਸਾਹਿਬ ਦਿਖਾਵਾ ਕੁਝ ਹੋਰ ਕਰਦੇ ਨੇ ਤੇ ਕਰਦੇ ਕੁਝ ਹੋਰ ਨੇ। ਸ਼ਹਿਰ ਦੇ ਕੂੜੇ ਦੀ ਸਮੱਸਿਆ ਉਨ੍ਹਾਂ ਦੇ ਫੈਸਲਿਆਂ ਕਾਰਨ ਕਿਤੇ ਜਿਆਦਾ ਵੱਧ ਗਈ ਹੈ।’’ ਉਨ੍ਹਾਂ ਕਿਹਾ ਕਿ ਕਈ ਵਾਰੀ ਬੇਨਤੀਆਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪੁਲਿਸ ਸੁਰੱਖਿਆ ਜਾਂ ਸਾਈਟ ਉਪਲਬਧ ਨਹੀਂ ਕਰਵਾਈ ਗਈ। ਟਰਾਲੀ ਚਾਲਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੀ ਜਾਨ ਖਤਰੇ ਵਿੱਚ ਪਾ ਕੇ ਕੂੜਾ ਸੁੱਟਣ ਜਾਂਦੇ ਹਨ। ਇੱਕ ਡਰਾਈਵਰ ਨੇ ਕਿਹਾ ਕਿ ‘‘ਅਸੀਂ ਬਜ਼ੁਰਗ ਲੋਕ ਹਾਂ, ਪਰਿਵਾਰ ਪਾਲਦੇ ਹਾਂ। ਬੰਦੂਕਾਂ ਵਾਲੇ ਲੋਕਾਂ ਨਾਲ ਮੁਕਾਬਲਾ ਕਰਕੇ ਕੂੜਾ ਸੁੱਟਣਾ ਹੁਣ ਮੁਸ਼ਕਲ ਹੋ ਗਿਆ ਹੈ।’’ ਠੇਕੇਦਾਰ ਨੇ ਕਿਹਾ ਕਿ ਇਸ ਕੂੜੇ ਵਿੱਚ ਜ਼ਿਆਦਾਤਰ ਗਰੀਨ ਵੇਸਟ ( ਹਰਾ ਕੂੜਾ, ਦਰਖ਼ਤਾਂ ਦੀ ਕਟਾਈ ਛੰਗਾਈ ਦਾ ਕੂੜਾ, ਘਾਹ ਦੀ ਕਟਾਈ) ਦੇ ਨਾਲ ਨਾਲ ਸੁੱਕਾ ਕੂੜਾ ਵੀ ਹੁੰਦਾ ਹੈ ਪਰ ਕਈ ਲੋਕ ਸੜਕਾਂ ਉੱਤੇ ਥੈਲੀਆਂ ਵਿੱਚ ਘਰ ਦਾ ਕੂੜਾ ਵੀ ਸਿੱਟ ਜਾਂਦੇ ਹਨ ਜਿਸ ਨਾਲ ਉਸ ਵਿੱਚ ਪਲਾਸਟਿਕ ਤੇ ਮਿਲੀ-ਜੁਲੀ ਗੰਦਗੀ ਨਾਲ ਬਦਬੂ ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਸ਼ਹਿਰ ਦੇ ਹਰ ਸੈਕਟਰ, ਹਰ ਫੇਜ਼ ਤੇ ਹਰ ਸੜਕ ਤੇ ਹੁਣ ਕੂੜੇ ਦੇ ਢੇਰ ਲੱਗੇ ਪਏ ਨੇ। ਠੇਕੇਦਾਰ ਨੇ ਸਪੱਸ਼ਟ ਕਿਹਾ ਕਿ ਕੂੜਾ ਸੁੱਟਣ ਲਈ ਥਾਂ ਦਿੱਤੀ ਜਾਵੇ ਨਹੀਂ ਤਾਂ ਉਹ ਕੰਮ ਨਹੀਂ ਕਰ ਸਕਦਾ। ਮੇਅਰ ਜੀਤੀ ਸਿੱਧੂ ਨੇ ਡੀਸੀ, ਕਮਿਸ਼ਨਰ ਤੇ ਐੱਸਐੱਸਪੀ ਨੂੰ ਅਪੀਲ ਕੀਤੀ ਹੈ ਕਿ ਠੇਕੇਦਾਰਾਂ ਨੂੰ ਸੁਰੱਖਿਆ ਦੇ ਕੇ ਕੂੜਾ ਸੁੱਟਣ ਲਈ ਜਗ੍ਹਾ ਤੈਅ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਕਹਿਣਾ ਹੈ ਕਿ ਜੇ ਸਰਕਾਰ ਹੁਣ ਵੀ ਨਾ ਜਾਗੀ ਤਾਂ ਅਗਲੀ ਵਾਰੀ ਟਰਾਲੀਆਂ ਡੀਸੀ ਦਫ਼ਤਰ ਮੁਹਾਲੀ, ਚੰਡੀਗੜ੍ਹ ਦੇ ਸਥਾਨਕ ਸਰਕਾਰ ਵਿਭਾਗ ਦੇ ਹੈੱਡ ਆਫਿਸ ਅਤੇ ਅਖੀਰਕਾਰ ਮੁੱਖ ਮੰਤਰੀ ਦੇ ਦਰਵਾਜ਼ੇ ਤਕ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਹਾਲੀ ਨਿਗਮ ਨੂੰ ਕੂੜਾ ਸੁੱਟਣ ਲਈ ਜਗ੍ਹਾ ਦਿਵਾਉਣਾ ਸਭ ਤੋਂ ਪਹਿਲੀ ਲੋੜ ਹੈ ਅਤੇ ਇਸ ਮਾਮਲੇ ਵਿੱਚ ਹੁਣ ‘‘ਦਿਖਾਵੇ ਨਹੀਂ, ਹੱਲ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਮੁਹਾਲੀ ਸਾਫ਼ ਹੋਣਾ ਚਾਹੀਦਾ ਹੈ ਨਹੀਂ ਤਾਂ ਲੋਕ ਆਪ ਮੋਰਚਾ ਖੋਲ੍ਹਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਉੱਤੇ ਹੋਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਸੁੱਚਾ ਸਿੰਘ ਕਲੌੜ, ਜਸਬੀਰ ਸਿੰਘ ਮਣਕੂ, ਕਮਲਪ੍ਰੀਤ ਸਿੰਘ ਬਨੀ, ਮੈਡਮ ਬਲਜੀਤ ਕੌਰ, ਸ੍ਰੀਮਤੀ ਅਨੁਰਾਧਾ ਆਨੰਦ, ਰੁਪਿੰਦਰ ਕੌਰ ਰੀਨਾ, ਸਮਾਜ ਸੇਵੀ ਜਤਿੰਦਰ ਆਨੰਦ, ਸੀਨੀਅਰ ਕਾਂਗਰਸ ਆਗੂ ਰਜਿੰਦਰ ਸਿੰਘ ਧਰਮਗੜ੍ਹ ਅਤੇ ਹੋਰ ਪਤਵੰਤੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ