nabaz-e-punjab.com

ਪੰਚਾਇਤੀ ਚੋਣਾਂ: ਵੋਟਾਂ ਬਣਾਉਣ ਤੋਂ ਵਾਂਝੇ ਲੋਕ ਹੁਣ ਐਸਡੀਐਮ ਕੋਲ ਪੇਸ਼ ਕਰ ਸਕਦੇ ਨੇ ਦਾਅਵਾ

ਐਸਡੀਐਮ/ਬੀਡੀਪੀਓ ਦਫ਼ਤਰਾਂ ਵਿੱਚ ਉਪਲਬਧ ਕੀਤੀਆਂ ਚੋਣ ਸੂਚੀਆਂ

ਨਬਜ਼-ਏ-ਪੰਜਾਬ, ਮੁਹਾਲੀ, 14 ਅਗਸਤ:
ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਚਾਇਤ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿੱਥੇ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੇ ਆਨੇ ਬਹਾਨੇ ਵੋਟਰਾਂ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ। ਪੰਜਾਬ ਰਾਜ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਹਰੇਕ ਵਿਅਕਤੀ ਨੂੰ ਮਤਦਾਨ ਕਰਨ ਦਾ ਮੌਕਾ ਦੇਣ ਲਈ ਤਿੰਨ ਦਿਨ ਨਵੀਆਂ ਵੋਟਾਂ ਬਣਾਉਣ ਦੀ ਮੋਹਲਤ ਦਿੱਤੀ ਹੈ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਰਜਿਸਟਰ ਹੋਏ ਵੋਟਰਾਂ ਦੀਆਂ ਸੂਚੀਆਂ ਮੁਹਾਲੀ, ਖਰੜ, ਡੇਰਾਬੱਸੀ ਅਤੇ ਮਾਜਰੀ ਬਲਾਕ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰਾਂ ਅਤੇ ਖਰੜ, ਮੁਹਾਲੀ ਅਤੇ ਡੇਰਾਬੱਸੀ ਦੇ ਐਸਡੀਐਮ ਦਫ਼ਤਰਾਂ ਵਿੱਚ ਦੇਖਣ ਲਈ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਇਨ੍ਹਾਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਨਹੀਂ ਹਨ ਜਾਂ ਉਹ 1 ਜਨਵਰੀ 2023 ਤੋਂ ਬਾਅਦ ਵੋਟਰ ਬਣਨ ਦੀ ਯੋਗਤਾ ਪੂਰੀ ਕਰਦਾ ਹੈ ਤਾਂ ਉਹ ਆਪਣੀ ਵੋਟ ਬਣਾਉਣ ਲਈ ਸਬੰਧਤ ਸਬ ਡਵੀਜ਼ਨ ਦੇ ਐਸਡੀਐਮ ਦਫ਼ਤਰ ਵਿੱਚ ਜਾ ਕੇ 20 ਅਗਸਤ, 21 ਅਗਸਤ ਅਤੇ 22 ਅਗਸਤ ਨੂੰ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੋਟ ਕੱਟਣ ਜਾਂ ਤਬਦੀਲ ਕਰਵਾਉਣ ਲਈ ਵੀ ਰਿਟਰਨਿੰਗ ਅਫ਼ਸਰ ਦੇ ਦਫ਼ਤਰਾਂ ਵਿੱਚ ਪਹੁੰਚ ਕੇ ਦਾਅਵੇ ਦਿੱਤੇ ਜਾ ਸਕਦੇ ਹਨ।
ਉਧਰ, ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਮੇਤ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਦੇ ਵਰਕਰ ਬਿਨਾਂ ਚੋਣ ਨਿਸ਼ਾਨ ਤੋਂ ਪੰਚਾਇਤ ਚੋਣਾਂ ਲੜਨ ਦੇ ਹੱਕ ਵਿੱਚ ਹਨ। ਪਿੰਡਾਂ ਦੇ ਲੋਕ ਵੀ ਪੰਜਾਬ ਸਰਕਾਰ ਦੀ ਇਸ ਤਜਵੀਜ਼ ਨੂੰ ਜਾਇਜ਼ ਮੰਨ ਰਹੇ ਹਨ ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਧੜੇਬੰਦੀਆਂ ਉਤਪਨ ਹੋ ਜਾਂਦੀਆਂ ਹਨ ਅਤੇ ਇਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਟੁੱਟਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਹੀ ਨਹੀਂ ਸਿਆਸੀ ਪਾਰਟੀਆਂ ਦੇ ਆਗੂ ਵੀ ਅੰਦਰਖ਼ਾਤੇ ਬਿਨਾਂ ਪਾਰਟੀ ਚੋਣ ਨਿਸ਼ਾਨ ਦੇ ਪੰਚਾਇਤ ਚੋਣ ਲੜੀਆਂ ਜਾਣ ਦੇ ਮੁਦੱਈ ਹਨ। ਇੱਕ ਸਿਆਸੀ ਆਗੂ ਨੇ ਦੱਸਿਆ ਕਿ ਅਜਿਹਾ ਹੋਣ ਨਾਲ ਇੱਕ ਤਾਂ ਕੌਣ ਕਿੰਨੇ ਪਾਣੀ ਵਿੱਚ ਹੈ, ਬਾਰੇ ਭੇਦ ਬਣਿਆ ਰਹਿੰਦਾ ਹੈ, ਦੂਜਾ ਆਜ਼ਾਦ ਉਮੀਦਵਾਰ ਨੂੰ ਵੋਟਾਂ ਵੱਧ ਪੈਣ ਦੀ ਆਸ ਵੀ ਹੁੰਦੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…