ਐਂਲੀਮੈਂਟਰੀ ਸਕੂਲ ਲਈ ਸਰਕਾਰ ਕੋਲ ਨਾ ਫੰਡ ਤੇ ਨਾ ਡਾਇਰੈਕਟਰ ਮਾਲਕੀ ਕੇਸ ਪਾਉਣ ਲਈ ਦੇ ਰਿਹਾ ਮਨਜ਼ੂਰੀ

ਨਵੇਂ ਸੈਸ਼ਨ ਵਿੱਚ ਐਲੀਮੈਂਟਰੀ ਸਕੂਲ ਨੂੰ ਤਾਲਾ ਲਗਾ ਕੇ ਚਾਬੀਆਂ ਸਿੱਖਿਆ ਮੰਤਰੀ ਨੂੰ ਸੌਂਪਣਗੇ ਪਿੰਡ ਵਾਸੀ

ਨਬਜ਼-ਏ-ਪੰਜਾਬ, ਮੁਹਾਲੀ, 13 ਮਾਰਚ:
ਐਲੀਮੈਂਟਰੀ ਸਕੂਲਾਂ ਦੇ ਡਾਇਰੈਕਟਰ ਨੂੰ ਮਿਲਣ ਲਈ ਅੱਜ ਜਦੋਂ ਪਿੰਡ ਕੁੰਭੜਾ ਦੇ ਵਸਨੀਕ ਮੁੱਖ ਦਫ਼ਤਰ ਵਿਖੇ ਪਹੁੰਚੇ ਤਾਂ ਉੱਥੇ ਡਾਇਰੈਕਟਰ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਦਫ਼ਤਰੀ ਸਟਾਫ਼ ਨਾਲ ਗੱਲਬਾਤ ਹੋਈ ਪਰ ਉਨ੍ਹਾਂ ਵੀ ਕੋਈ ਠੋਸ ਜਵਾਬ ਨਾ ਦਿੱਤਾ। ਜਿਸ ਕਾਰਨ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਰੋਸ ਜਾਹਰ ਕੀਤਾ। ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸੂਬਾ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਪਿੰਡ ਵਾਸੀ ਸਕੂਲ ਦੀ ਇਮਾਰਤ ਬਚਾਉਣ ਲਈ ਮਾਲਕੀ ਕੇਸ ਪਾਉਣ ਲਈ ਮੁੱਖ ਦਫ਼ਤਰ ਦੇ ਚੱਕਰ ਮਾਰ ਕੇ ਥੱਕ ਚੁੱਕੇ ਹਨ। ਪਰ ਸਰਕਾਰ ਕੋਲ ਨਾ ਫੰਡ ਹੈ, ਨਾ ਅਧਿਕਾਰੀ ਕੇਸ ਪਾਉਣ ਦੀ ਮਨਜ਼ੂਰੀ ਦੇ ਰਹੇ ਹਨ। ਜਦੋਂਕਿ ਕੇਸ ਦਾ ਸਾਰਾ ਖਰਚਾ ਪਿੰਡ ਵਾਸੀਆਂ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੁੱਕਿਆ ਜਾਵੇਗਾ।
ਰੋਹ ਵਿੱਚ ਆਏ ਵਿਅਕਤੀਆਂ ਨੇ ਐਲਾਨ ਕੀਤਾ ਕਿ 31 ਮਾਰਚ ਤੋਂ ਬਾਅਦ ਸਕੂਲ ਨੂੰ ਤਾਲਾ ਲਗਾ ਕੇ ਉਸ ਦੀਆਂ ਚਾਬੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ। ਇਸ ਸਕੂਲ ਵਿੱਚ 550 ਬੱਚੇ ਪੜ੍ਹ ਰਹੇ ਹਨ ਅਤੇ 15 ਅਧਿਆਪਕ ਤਾਇਨਾਤ ਹਨ। ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਪਿੰਡ ਵਾਸੀ ਕਾਫ਼ੀ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰੋਜ਼ਾਨਾ ਸਕੂਲੀ ਸਿੱਖਿਆ ਦੇ ਮਿਆਰ ਨੂੰ ਲੈ ਕੇ ਵੱਡੇ ਦਾਅਵੇ ਕਰ ਰਹੇ ਹਨ, ਪ੍ਰੰਤੂ ਸਿੱਖਿਆ ਭਵਨ ਤੋਂ ਮਹਿਜ਼ ਦੋ ਕੁ ਕਿੱਲੋਮੀਟਰ ਅੰਦਰ ਸਰਕਾਰੀ ਸਕੂਲ ਦੀ ਰਾਖੀ ਤੇ ਸਾਂਭ ਸੰਭਾਲ ਨਹੀਂ ਹੋ ਰਹੀ।
ਉਧਰ, ਜਦੋਂ ਡਾਇਰੈਕਟਰ ਸ੍ਰੀਮਤੀ ਅਮਨਿੰਦਰ ਕੌਰ ਨਾਲ ਗੱਲਬਾਤ ਕਰਨ ਲਈ ਮੀਡੀਆ ਨੇ ਉਨ੍ਹਾਂ ਨੂੰ ਮਿਲਣਾ ਚਾਹਿਆ ਤਾਂ ਉਨ੍ਹਾਂ ਦੀ ਸੈਕਟਰੀ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਗਏ ਹੋਏ ਹਨ। ਇਸ ਮੌਕੇ ਮਨਜੀਤ ਸਿੰਘ ਮੇਵਾ, ਦਲਜੀਤ ਸਿੰਘ ਨੰਬਰਦਾਰ, ਗੁਰਚਰਨ ਸਿੰਘ, ਦਲਜੀਤ ਸਿੰਘ ਕਾਕਾ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਰੇਸ਼ਮ ਸਿੰਘ ਕਾਹਲੋਂ, ਲਖਵੀਰ ਸਿੰਘ ਵਡਾਲਾ, ਸਿਮਰਨਜੀਤ ਸਿੰਘ ਸ਼ੈਂਕੀ, ਬਲਜੀਤ ਸਿੰਘ ਕਕਰਾਲੀ, ਕਰਮਜੀਤ ਸਿੰਘ ਐਨੋ, ਮੁਖ਼ਤਿਆਰ ਸਿੰਘ ਕਕਰਾਲਾ, ਪ੍ਰਿੰਸੀਪਲ ਬਨਵਾਰੀ ਲਾਲ, ਸ਼ਵਿੰਦਰ ਸਿੰਘ ਲੱਖੋਵਾਲ, ਬਲਵਿੰਦਰ ਸਿੰਘ ਮੱਕੜਿਆਂ, ਮਨਜੀਤ ਸਿੰਘ ਰੰਧਾਵਾ, ਸਿਮਰਨਜੀਤ ਕੌਰ ਵਡਾਲਾ ਅਤੇ ਰਾਜਿੰਦਰ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…