ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਦੀ ਲੋੜ: ਤਰਨਜੀਤ ਸਿੰਘ ਸੰਧੂ ਸਮੁੰਦਰੀ

ਭਾਜਪਾ ਨੇ ਕੁਮਾਰ ਅਮਿਤ ਅਤੇ ਐਸ.ਪੀ ਕੇਵਲ ਕੁਮਾਰ ਦੀ ਅਗਵਾਈ ’ਚ ਬਾਬਾ ਭੀਮ ਰਾਓ ਅੰਬੇਡਕਰ ਦੀ 133ਵੀਂ ਜਯੰਤੀ ਮਨਾਈ

ਭਾਜਪਾ ਆਗੂ ਸ਼ਵੇਤ ਮਲਿਕ, ਰਾਜਿੰਦਰ ਮੋਹਨ ਸਿੰਘ ਛੀਨਾ, ਹਰਵਿੰਦਰ ਸੰਧੂ,ਬਖ਼ਸ਼ੀ ਰਾਮ ਅਰੋੜਾ, ਰਾਜੀਵ ਭਗਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ

ਅੰਮ੍ਰਿਤਸਰ 14 ਅਪ੍ਰੈਲ:
ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 133ਵਾਂ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਉਂਦਿਆਂ ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਅੰਮ੍ਰਿਤਸਰ ਹਲਕਾ ਪੱਛਮੀ ਦੇ ਇੰਚਾਰਜ ਐਡਵੋਕੇਟ ਕੁਮਾਰ ਅਮਿਤ ਅਤੇ ਸਾਬਕਾ ਜਨਰਲ ਸਕੱਤਰ ਐਸ.ਪੀ ਕੇਵਲ ਕੁਮਾਰ ਦੀ ਅਗਵਾਈ ਹੇਠ ਭਾਜਪਾ ਵੱਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਆਗੂ ਸ਼ਵੇਤ ਮਲਿਕ, ਰਾਜਿੰਦਰ ਮੋਹਨ ਸਿੰਘ ਛੀਨਾ, ਹਰਵਿੰਦਰ ਸੰਧੂ, ਬਖ਼ਸ਼ੀ ਰਾਮ ਅਰੋੜਾ, ਰਾਜੀਵ ਭਗਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਬਾਬਾ ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਯੁੱਗ ਪੁਰਸ਼ ਸਨ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦਿਵਾਉਣ ਲਈ ਹੀ ਨਹੀਂ ਲਾਇਆ ਸਗੋਂ ਆਪਣੇ ਜੀਵਨ ’ਚ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਅਕ, ਧਾਰਮਿਕ, ਔਰਤਾਂ ਨੂੰ ਸਨਮਾਨ ਦਿਵਾਉਣ ਤੇ ਸੰਵਿਧਾਨਕ ਖੇਤਰਾਂ ’ਚ ਵੀ ਵਡਮੁੱਲਾ ਯੋਗਦਾਨ ਪਾਇਆ। ਸ. ਸੰਧੂ ਨੇ ਕਿਹਾ ਕਿ ਬਾਬਾ ਸਾਹਿਬ ਆਪਣੇ ਆਪਣੇ ਦਾਇਰੇ ’ਚੋਂ ਬਾਹਰ ਨਿਕਲ ਕੇ ਆਪਣੇ ਲੋਕਾਂ ਲਈ ਬਹੁਤ ਕੁਝ ਕਰ ਸਕਿਆ, ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ। ਲੋੜ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਹੈ। ਉਨ੍ਹਾਂ ਅੱਗੇ ਵਧਣ ਲਈ ਸਿੱਖਿਆ ਨੂੰ ਅਪਣਾਇਆ ਉਹ ਜਾਣਦੇ ਸਨ ਕਿ ਸਮਾਜਿਕ ਭੇਦਭਾਵ ਨੂੰ ਦੂਰ ਕਰਨ ਅਤੇ ਸਮਾਜ ਦੀ ਵਿਵਸਥਾ ਨੂੰ ਬਦਲਣ ਲਈ ਸਿੱਖਿਆ ਗ੍ਰਹਿਣ ਕਰਨੀ ਬਹੁਤ ਹੀ ਲਾਜ਼ਮੀ ਹੈ। ਅਤੇ ਸਿੱਖਿਆ ਤੋਂ ਬਿਨਾਂ ਇਸ ਭੇਦਭਾਵ ਖ਼ਿਲਾਫ਼ ਲੜਿਆ ਨਹੀਂ ਜਾ ਸਕਦਾ। ਉਨ੍ਹਾਂ ਵਜ਼ੀਫ਼ੇ ਨਾਲ ਵਿਦੇਸ਼ ਵਿਚ ਪੜ੍ਹਾਈ ਕੀਤੀ ਅਤੇ ਹਰ ਵਿਸ਼ੇ ਦਾ ਅਧਿਐਨ ਕੀਤਾ। ਭਾਰਤ ਵਾਪਸੀ ’ਤੇ ਡਾ. ਅੰਬੇਡਕਰ ਨੇ ਕਈ ਮੋਰਚਿਆਂ ’ਤੇ ਖ਼ੁਦ ਨੂੰ ਸਥਾਪਿਤ ਕੀਤਾ। ਅਜ਼ਾਦੀ ਉਪਰੰਤ ਉਨ੍ਹਾਂ ਦੀ ਯੋਗਤਾ ਕਰਕੇ ਦੇਸ਼ ਦਾ ਸੰਵਿਧਾਨ ਰਚਣ ਲਈ ਉਨ੍ਹਾਂ ਨੂੰ ਸੰਵਿਧਾਨ ਦੀ ਖਰੜਾ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਨੇ ਸਮਾਨਤਾ ਤੇ ਮਾਨਵਤਾ ’ਤੇ ਆਧਾਰਿਤ ਭਾਰਤੀ ਸੰਵਿਧਾਨ ਨੂੰ ਦੋ ਸਾਲ, 11 ਮਹੀਨਿਆਂ ਤੇ 17 ਦਿਨਾਂ ’ਚ ਤਿਆਰ ਕੀਤਾ। ਡਾ. ਅੰਬੇਡਕਰ ਨੇ ਲਤਾੜੇ ਹੋਏ ਲੋਕਾਂ ਨੂੰ ਉੱਪਰ ਚੁੱਕਣ ਲਈ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਦਾ ਸੰਕਲਪ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਬਚਪਨ ’ਚ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਝੱਲਦਿਆਂ ਦ੍ਰਿੜ੍ਹ ਨਿਸ਼ਚੇ ਨਾਲ ਪੜ੍ਹਾਈ ਕੀਤੀ। ਤੇ ਇਹ ਦੱਸਿਆ ਕਿ ਇਰਾਦਾ ਮਜ਼ਬੂਤ ਅਤੇ ਦਿਲ ’ਚ ਜਨੂਨ ਹੋਵੇ ਤਾਂ ਕੋਈ ਕੰਮ ਵੀ ਅਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਅੰਮ੍ਰਿਤ ਰੂਪੀ ਸੰਵਿਧਾਨ ਦੇਣ ਵਾਲੇ ਡਾ. ਅੰਬੇਡਕਰ ਵੱਲੋਂ ਦਿੱਤੇ ਗਏ ਸਿਧਾਂਤ ’ਤੇ ਚੱਲਦਿਆਂ ਜਾਤ-ਪਾਤ ਦੇ ਵਖਰੇਵੇਂ ’ਚੋਂ ਨਿਕਲ ਕੇ ਮਾਨਵ ਪ੍ਰੇਮੀ ਬਣਨ ਦੀ ਅੱਜ ਸਖ਼ਤ ਲੋੜ ਹੈ।
ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸ਼ਹਿਰ ਵਿਚੋਂ ਸੀਵਰੇਜ ਦੀ ਸਮੱਸਿਆ ਨੂੰ ਜੜ ਤੋਂ ਖ਼ਤਮ ਕੀਤਾ ਜਾਵੇਗਾ। ਕਿਹਾ ਕਿ ਇਸ ਵਾਰ ਭਾਜਪਾ ਦੀ ਸਰਕਾਰ ਬਣਨ ‘ਤੇ ਅੰਮ੍ਰਿਤਸਰ ਨੂੰ ਇੰਡਸਟਰੀ ਹੱਬ ਬਣਾਉਣ ਦੇ ਨਾਲ-ਨਾਲ ਇੱਥੇ ਵਿਦਿਆਰਥੀਆਂ ਲਈ ਸਰਕਾਰੀ ਕਾਲਜ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਦੀ ਰਾਹ ਵੱਲ ਵਧ ਰਿਹਾ ਹੈ। ਭਾਜਪਾ ਦੇ ਸ਼ਾਸਨ ‘ਚ ਨੌਜਵਾਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਲਈ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਲਿਆਂਦੀਆਂ ਗਈਆਂ ਹਨ, ਜਿਸ ਨਾਲ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਹਾਸਲ ਕਰਨ ‘ਚ ਮਦਦ ਮਿਲੇਗੀ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਐਸਪੀ ਕੇਵਲ ਅਤੇ ਕੁਮਾਰ ਅਮਿਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਤਰਨਜੀਤ ਸਿੰਘ ਸੰਧੂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਅਰਵਿੰਦ ਸ਼ਰਮਾ, ਅਮਿਤ ਰਾਏ, ਪ੍ਰਧਾਨ ਸੁਮਨ ਕੁਮਾਰੀ, ਵਿਸ਼ਾਲ ਸ਼ਰਮਾ, ਨਰੇਸ਼ ਕੁਮਾਰ ਰੀਕੋ, ਕੁਲਦੀਪ ਸ਼ਰਮਾ, ਰਮਨ ਸ਼ਰਮਾ, ਵਿਪਨ ਨਈਅਰ, ਜੋਗਿੰਦਰ ਅਟਵਾਲ, ਸਤੀਸ਼ ਪੁੰਜ, ਸ਼ੁਭਮ ਸ਼ਰਮਾ, ਰਮਨ ਸ਼ਰਮਾ, ਦਵਿੰਦਰ ਪਹਿਲਵਾਨ, ਸੂਰਜ ਮਦਾਨ, ਰਵਿੰਦਰ ਸੇਠੀ, ਡਾ. ਸ਼ੇਖਰ ਮਹਿਤਾ, ਸੰਜੇ ਚੋਪੜਾ, ਵਿਨੈ ਸ਼ਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਮਰੂਦ ਬਾਗ ਘੁਟਾਲਾ: ਵਿਜੀਲੈਂਸ ਨੇ ਸ਼ਿਕਾਇਤਕਰਤਾ ਨੂੰ ਹੀ ਕੀਤਾ ਤਲਬ

ਅਮਰੂਦ ਬਾਗ ਘੁਟਾਲਾ: ਵਿਜੀਲੈਂਸ ਨੇ ਸ਼ਿਕਾਇਤਕਰਤਾ ਨੂੰ ਹੀ ਕੀਤਾ ਤਲਬ ਵਿਜੀਲੈਂਸ ਨੇ ਲਿਖਤੀ ਪ੍ਰਵਾਨਾਂ ਭੇਜ ਕੇ…