Nabaz-e-punjab.com

ਅਮਰੂਦ ਬਾਗ ਘੁਟਾਲਾ: ਵਿਜੀਲੈਂਸ ਨੇ ਸ਼ਿਕਾਇਤਕਰਤਾ ਨੂੰ ਹੀ ਕੀਤਾ ਤਲਬ

ਵਿਜੀਲੈਂਸ ਨੇ ਲਿਖਤੀ ਪ੍ਰਵਾਨਾਂ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ, ਗ੍ਰਿਫ਼ਤਾਰੀ ਦਾ ਖ਼ਦਸ਼ਾ

ਨਬਜ਼-ਏ-ਪੰਜਾਬ, ਮੁਹਾਲੀ, 29 ਅਪਰੈਲ:
ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਦੀ ਅਫ਼ਸਰਸ਼ਾਹੀ ਕਥਿਤ ਵਧੀਕੀਆਂ ਦੇ ਮਾਮਲਿਆਂ ਵਿੱਚ ਸੁਰਖ਼ੀਆ ਵਿੱਚ ਰਹਿਣ ਦੇ ਆਦੀ ਹੋ ਗਏ ਹਨ। ਅਜਿਹਾ ਹੀ ਇੱਕ ਤਾਜ਼ਾ ਸਾਹਮਣੇ ਆਇਆ ਹੈ। ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ), ਬਾਗਬਾਨੀ ਅਤੇ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮੁਹਾਲੀ ਵਿੱਚ ਹੋਏ ਬਹੁ-ਕਰੋੜੀ ਅਮਰੂਦ ਬਾਗ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਖ਼ਿਲਾਫ਼ ਹੀ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ ਹੈ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਮਰੂਦਾਂ ਬਾਗ ਘੁਟਾਲੇ ਦੇ ਮਾਮਲੇ ਵਿੱਚ ਸਮਾਜ ਸੇਵੀ ਸਤਨਾਮ ਸਿੰਘ ਦਾਊਂ ਨੂੰ ਭਲਕੇ 30 ਅਪਰੈਲ ਵਿਜੀਲੈਂਸ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਹੈ। ਇਸ ਸਬੰਧੀ ਜਾਂਚ ਏਜੰਸੀ ਵੱਲੋਂ ਦਾਊਂ ਨੂੰ ਲਿਖਤੀ ਪ੍ਰਵਾਨਾਂ ਭੇਜਿਆ ਗਿਆ ਹੇ। ਅਮਰੂਦਾਂ ਬਾਗ ਘੁਟਾਲਾ ਜੱਗ ਜਾਹਰ ਕਰਨ ਵਿੱਚ ਉਕਤ ਆਗੂ ਨੇ ਮੋਹਰੀ ਰੋਲ ਨਿਭਾਇਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਕਤ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਸੀ ਅਤੇ ਵਿਜੀਲੈਂਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਪਰਚਾ ਦਰਜ ਕਰਕੇ ਹੁਣ ਤੱਕ ਵੱਖ-ਵੱਖ ਵਿਭਾਗਾਂ ਦੇ ਕਰੀਬ ਦੋ ਦਰਜਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਅਮਰੂਦ ਬਾਗ ਘੁਟਾਲੇ ਦੇ ਸ਼ਿਕਾਇਤ ਕਰਤਾ ਸਤਨਾਮ ਸਿੰਘ ਦਾਊਂ ਨੇ ਖ਼ਦਸ਼ਾ ਪ੍ਰਗਟ ਕੀਤਾ ਕਿ ਪੱਤਰਕਾਰ ਰਜਿੰਦਰ ਸਿੰਘ ਤੱਗੜ ਵਾਂਗ ਵਿਜੀਲੈਂਸ ਉਨ੍ਹਾਂ ਨੂੰ ਵੀ ਝੂਠੇ ਮਾਮਲੇ ਵਿੱਚ ਫਸਾਉਣ ਦੇ ਰੌਂਅ ਵਿੱਚ ਹੈ ਕਿਉਂਕਿ ਉਹ ਪੱਤਰਕਾਰ ਤੱਗੜ ਮਾਮਲੇ ਵਿੱਚ ਪੁਲੀਸ ਵਧੀਕੀਆਂ ਬਾਰੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਅਤੇ ਸਖ਼ਤ ਮਿਹਨਤ ਦੀ ਬਦੌਲਤ ਅਮਰੂਦਾਂ ਦੇ ਨਾਜਾਇਜ਼ ਬਾਗ ਦਾ ਇਹ ਮਾਮਲਾ ਚਰਚਾ ਵਿੱਚ ਆਇਆ ਸੀ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵੱਲੋਂ ਗਮਾਡਾ ਦੇ ਪੈਸੇ ਕਰੀਬ 45 ਕਰੋੜ ਰੁਪਏ ਵਿਆਜ ਸਮੇਤ ਮੋੜੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਗੰਗਾ ਗਈਆਂ ਹੱਡੀਆਂ ਵਾਪਸ ਮੁੜਨ ਲਾ ਦਿੱਤੀਆਂ ਹਨ। ਹੁਣ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵੱਲੋਂ ਉਨ੍ਹਾਂ (ਸਤਨਾਮ ਦਾਊਂ) ਖ਼ਿਲਾਫ਼ ਕਥਿਤ ਤੌਰ ’ਤੇ ਫਿਰੌਤੀ ਮੰਗਣ ਬਾਰੇ ਦਿੱਤੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਭਲਕੇ ਮੰਗਲਵਾਰ ਨੂੰ ਵਿਜੀਲੈਂਸ ਕੋਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਦਾਊਂ ਨੇ ਕਿਹਾ ਕਿ ਨਤੀਜਾ ਭਾਵੇਂ ਕੁੱਝ ਵੀ ਹੋਵੇ ਉਹ ਭਲਕੇ ਵਿਜੀਲੈਂਸ ਦਫ਼ਤਰ ਜਾ ਕੇ ਜਾਂਚ ਵਿੱਚ ਸ਼ਾਮਲ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮਾਂ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਤਲਬ ਕੀਤਾ ਗਿਆ ਹੈ, ਕਿਉਂਕਿ ਇਸ ਮਾਮਲੇ ਵਿੱਚ ਕਈ ਉੱਚ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਸਾਹਮਣੇ ਆ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪਹਿਲੇ ਮੁੱਖ ਗ੍ਰੰਥੀ ਗਿਆਨੀ ਬਲਵੰਤ ਸਿੰਘ ਦੀ 39ਵੀਂ ਬਰਸੀ ਸ਼ਰਧਾ ਨਾਲ ਮਨਾਈ

ਪਹਿਲੇ ਮੁੱਖ ਗ੍ਰੰਥੀ ਗਿਆਨੀ ਬਲਵੰਤ ਸਿੰਘ ਦੀ 39ਵੀਂ ਬਰਸੀ ਸ਼ਰਧਾ ਨਾਲ ਮਨਾਈ ਨਬਜ਼-ਏ-ਪੰਜਾਬ, ਮੁਹਾਲੀ, 15 ਮਈ:…