ਭਵਿੱਖੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੋਵੇਗਾ ਮੁਹਾਲੀ ਦਾ ਆਪਣਾ ‘ਲੈਂਡ ਬੈਂਕ’

ਡੀਸੀ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਭੌਤਿਕ ਤੇ ਡਿਜੀਟਲ ਨਕਸ਼ਾ ਤਿਆਰ ਕਰਨ ਦੇ ਨਿਰਦੇਸ਼

ਹਵਾਈ ਅੱਡਾ ਅਤੇ ਰਾਸ਼ਟਰੀ ਰਾਜ ਮਾਰਗਾਂ ਤੋਂ ਦੂਰੀ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ: ਆਸ਼ਿਕਾ ਜੈਨ

ਮੁਹਾਲੀ ਕੋਲ ਲੈਂਡ ਬੈਂਕ ਦੇ ਮੰਤਵ ਲਈ ਲਗਪਗ 3800 ਏਕੜ ਪੰਚਾਇਤੀ ਜ਼ਮੀਨ ਉਪਲਬਧ: ਡੀਸੀ

ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ:
ਮੁਹਾਲੀ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਨਿਵੇਸ਼ਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤਾਂ ਅਤੇ ਹੋਰ ਵਿਭਾਗਾਂ ਕੋਲ ਮੌਜੂਦ ਸਰਕਾਰੀ ਜ਼ਮੀਨ ਦੇ ਆਧਾਰ ’ਤੇ ਆਪਣਾ ਲੈਂਡ ਬੈਂਕ (ਜ਼ਮੀਨ ਦੇ ਵੇਰਵੇ) ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਦੀ ਬੁੱਕਲ ਵਿੱਚ ਵਸਿਆ ਮੁਹਾਲੀ ਨਿਵੇਸ਼ ਦੇ ਉਦੇਸ਼ਾਂ ਲਈ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਲੋੜ ਜ਼ਮੀਨ ਦੀ ਉਪਲਬਧਤਾ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤਾਂ ਅਤੇ ਹੋਰ ਵਿਭਾਗਾਂ ਕੋਲ ਉਪਲਬਧ ਖਾਲੀ ਜ਼ਮੀਨ ਦੀ ਸੂਚੀ ਤਿਆਰ ਕਰਨ ਜਾ ਰਿਹਾ ਹੈ।
ਏਡੀਸੀ ਅਤੇ ਡੀਡੀਪੀਓ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਖਾਲੀ ਪਈਆਂ ਜ਼ਮੀਨਾਂ ਦੀ ਮੁਕੰਮਲ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਚੀ ਵਿੱਚ ਸਾਰੀ ਲੋੜੀਂਦੀ ਜਾਣਕਾਰੀ ਮੌਜੂਦ ਹੋਵੇ ਜਿਵੇਂ ਹਵਾਈ ਅੱਡੇ ਤੋਂ ਦੂਰੀ, ਮੌਜੂਦਾ ਰਾਸ਼ਟਰੀ ਰਾਜ ਮਾਰਗ ਤੋਂ ਦੂਰੀ, ਭਵਿੱਖ ਵਿੱਚ ਬਣਨ ਵਾਲੇ ਰਾਸ਼ਟਰੀ ਰਾਜ ਮਾਰਗ ਆਦਿ ਵੇਰਵਿਆਂ ਵਿੱਚ ਜ਼ਮੀਨ ਦੇ ਟੁਕੜੇ ਦੇ ਆਕਾਰ ਅਤੇ ਇਸ ਦੀਆਂ ਦਿਸ਼ਾਵਾਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਸਮੇਤ ਮਾਜਰੀ, ਖਰੜ ਅਤੇ ਡੇਰਾਬੱਸੀ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਕਾਸ ਬਲਾਕ ਰਾਜਪੁਰਾ ਦੇ 27 ਪਿੰਡ ਆਉਂਦੇ ਹਨ। ਜ਼ਿਲ੍ਹੇ ਵਿੱਚ ਸਾਲਾਨਾ ਚਕੋਤੇ ਦੇ ਮੰਤਵ ਲਈ ਵਰਤੀ ਜਾ ਰਹੀ ਕੁੱਲ ਜ਼ਮੀਨ 3800 ਏਕੜ ਹੈ। ਇਹ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਸਿਰਫ਼ ਉਹੀ ਜ਼ਮੀਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਜਿੱਥੇ ਮੌਜੂਦਾ ‘ਲੀਜ਼ ਮਨੀ’ ਤੋਂ ਵਧੇਰੇ ਮਾਲੀਆ ਪੈਦਾਵਾਰ ਦੀ ਪੇਸ਼ਕਸ਼ ਹੋਵੇ। ਇਸ ਤੋਂ ਇਲਾਵਾ ਲੈਂਡ ਬੈਂਕ ਦੀ ਇੱਕ ਸੂਚੀ ਤਿਆਰ ਕਰਨ ਤੋਂ ਬਾਅਦ ਵੱਖ-ਵੱਖ ਰੰਗਾਂ ਵਿੱਚ ਸਾਈਟਾਂ ਦੀ ਨਿਸ਼ਾਨਦੇਹੀ ਕਰਕੇ ਇਸ ਨੂੰ ਡਿਜੀਟਲ ਬਣਾਇਆ ਜਾਵੇਗਾ।
ਡੀਸੀ ਨੇ ਕਿਹਾ ਕਿ ਇਹ ਭਵਿੱਖ ਦੇ ਨਿਵੇਸ਼ ਲਈ ਪ੍ਰਮਾਣਿਕ ਡਾਟਾਬੇਸ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨਿਵੇਸ਼ਕਾਂ ਦੀ ਸਹੂਲਤ ਲਈ ਪੂਰੀ ਵਾਹ ਲਗਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਵੱਧ ਤੋਂ ਵੱਧ ਪ੍ਰਗਤੀਸ਼ੀਲ ਬਣਾਉਣ ਅਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਲਈ ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਸਕੇ। ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਅਤੇ ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ ਨੇ ਮੁਹਾਲੀ ਜ਼ਿਲ੍ਹੇ ਨੂੰ ਨਿਵੇਸ਼ਕਾਂ ਦੇ ਅਨੁਕੂਲ ਬਣਾਉਣ ਲਈ ਪੂਰੇ ਵੇਰਵਿਆਂ ਸਮੇਤ ਛੇਤੀ ਪ੍ਰਮਾਣਿਤ ਲੈਂਡ ਬੈਂਕ ਤਿਆਰ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…