Share on Facebook Share on Twitter Share on Google+ Share on Pinterest Share on Linkedin ਰਾਜ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ ਦੀ ਮੇਜ਼ਬਾਨੀ ਕਰੇਗਾ ਮੁਹਾਲੀ ਏਡੀਸੀ ਵਿਰਾਜ ਸ਼ਿਆਮਾਕਰਨ ਤਿੜਕੇ ਨੇ ਅਗਾਊਂ ਤਿਆਰੀ ਸਬੰਧੀ ਕੀਤੀ ਮੀਟਿੰਗ ਵਿਦਿਆਰਥੀਆਂ ਨੂੰ ਪੋਸਟਰ, ਸਲੋਗਨ ਤੇ ਭਾਸ਼ਣ ਪ੍ਰਤੀਯੋਗਤਾਵਾਂ ਰਾਹੀਂ ਸਮਾਗਮ ਨਾਲ ਜੋੜਿਆ ਜਾਵੇਗਾ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ 25 ਜਨਵਰੀ ਨੂੰ ਰਾਜ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ ਕਰਵਾਇਆ ਜਾਵੇਗਾ। ਅੱਜ ਇੱਥੇ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਗਾਊਂ ਤਿਆਰੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਪ੍ਰਤੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਯਾਦ ਦਿਵਾਉਂਦਾ ਹੈ। ਜਿਵੇਂ ਕਿ ਚੋਣ ਕਮਿਸ਼ਨ ਹਮੇਸ਼ਾ ਹੀ ਲੋਕਤੰਤਰ ਦੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ’ਤੇ ਜ਼ੋਰ ਦਿੰਦਾ ਹੈ, ਓਵੇਂ ਇਹ ਪ੍ਰੋਗਰਾਮ ਵੀ ਵੋਟਰਾਂ ਤੱਕ ਉਨ੍ਹਾਂ ਦਾ ਸੰਦੇਸ਼ ਪਹੁੰਚਾਏਗਾ। ਏਡੀਸੀ ਤਿੜਕੇ ਨੇ ਦੱਸਿਆ ਕਿ ਇਸ ਸਮਾਗਮ ਤੋਂ ਇਲਾਵਾ ਸਕੂਲ/ਕਾਲਜ ਅਤੇ ਬੂਥ ਪੱਧਰ ’ਤੇ ਰਾਸ਼ਟਰੀ ਵੋਟਰ ਦਿਵਸ ਮੌਕੇ ਸਮਾਗਮ ਕਰਵਾਏ ਜਾਣਗੇ। ਇਸੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਤੋਂ ਏਅਰਪੋਰਟ ਸੜਕ ਰਾਹੀਂ ਐਮਿਟੀ ਯੂਨੀਵਰਸਿਟੀ ਤੱਕ ਜਾਗਰੂਕਤਾ ਟਰੈਕਟਰ ਅਤੇ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਰਾਜ ਪੱਧਰੀ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਜਦਕਿ ਰੈਲੀ ਨੂੰ ਸਵੇਰੇ 9 ਵਜੇ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਮਹੱਤਵਪੂਰਨ ਸਮਾਗਮ ਨਾਲ ਜੋੜਨ ਲਈ ਸਕੂਲਾਂ/ਕਾਲਜਾਂ ਵਿੱਚ 25 ਜਨਵਰੀ ਤੋਂ ਪਹਿਲਾਂ ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਤਦਾਤਾ ਰਜਿਸਟ੍ਰੇਸ਼ਨ ਪ੍ਰਕਿਰਿਆ (ਸਪੈਸ਼ਲ ਸਮਰੀ ਰਿਵੀਜ਼ਨ-2024) ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਬੀਐਲਓਜ਼ ਨੂੰ ਵੀ ਮੁੱਖ ਚੋਣ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਏਡੀਸੀ ਨੇ ਮੁਹਾਲੀ ਸਮੇਤ ਡੇਰਾਬੱਸੀ ਦੇ ਸਰਕਾਰੀ ਕਾਲਜਾਂ, ਸੀਜੀਸੀ ਲਾਂਡਰਾਂ ਅਤੇ ਸਰਕਾਰੀ ਬਹੁਤਕਨੀਕੀ ਖੂਨੀਮਾਜਰਾ (ਖਰੜ) ਦੇ ਵਿਦਿਆਰਥੀਆਂ ਨੂੰ ਇਸ ਸਮਾਰੋਹ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਐਸਪੀ (ਟਰੈਫ਼ਿਕ ਤੇ ਉਦਯੋਗਿਕ ਸੁਰੱਖਿਆ) ਹਰਿੰਦਰ ਸਿੰਘ ਮਾਨ, ਤਹਿਸੀਲਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ ਰਾਹੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ, ਤਹਿਸੀਲਦਾਰ (ਚੋਣਾਂ) ਸੰਜੇ ਕੁਮਾਰ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ ਸਿੰਘ ਅੰਟਾਲ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ