Share on Facebook Share on Twitter Share on Google+ Share on Pinterest Share on Linkedin ਮੁਹਾਲੀ: ਚੱਪੜਚਿੜੀ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਸਰਹਿੰਦ ਫਤਿਹ ਮਾਰਚ ਕੱਢਿਆ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਵੀ ਪਹੁੰਚੇ ਨਬਜ਼-ਏ-ਪੰਜਾਬ, ਮੁਹਾਲੀ, 12 ਮਈ: ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਿਹ-ਏ-ਜੰਗ ਸਾਹਿਬ ਚੱਪੜਚਿੜੀ ਤੋਂ ਅਲੌਕਿਕ ਨਗਰ ਕੀਰਤਨ ਦੇ ਰੂਪ ਵਿੱਚ ‘ਸਰਹਿੰਦ ਫਤਿਹ ਮਾਰਚ’ ਅੱਜ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵੱਖ-ਵੱਖ ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਨੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਅਰਦਾਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਏ ਸਰਹਿੰਦ ਫਤਿਹ ਮਾਰਚ ਵਿੱਚ ਨਿਹੰਗ ਸਿੰਘਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਦੂਰ-ਦੁਰਾਡੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਰਸਤੇ ਵਿੱਚ ਥਾਂ-ਥਾਂ ’ਤੇ ਸੰਗਤ ਵੱਲੋਂ ਫਤਿਹ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਲੰਗਰ ਲਗਾਏ ਗਏ। ਅਕਾਲੀ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ 96 ਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ ਤੇ ਕਰਨੈਲ ਸਿੰਘ ਪੰਜੋਲੀ, ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ, ਐਸਜੀਪੀਸੀ ਦੇ ਸਾਬਕਾ ਮੀਤ ਸਕੱਤਰ ਅਵਤਾਰ ਸਿੰਘ ਸੈਂਪਲਾ, ਮੈਨੇਜਰ ਰਜਿੰਦਰ ਸਿੰਘ ਟੌਹੜਾ, ਅਕਾਲੀ ਆਗੂ ਕੁਲਦੀਪ ਕੌਰ ਕੰਗ ਤੇ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਵੀ ਹਾਜ਼ਰੀ ਭਰੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸਰਹਿੰਦ ਫਤਿਹ ਦਿਵਸ ਅਤੇ ਪਹਿਲੇ ਖਾਲਸਾ ਰਾਜ ਦਿਹਾੜੇ ਦੀ ਮੁਾਬਾਰਕਵਾਦ ਦਿੱਤੀ ਅਤੇ ਕਿਹਾ ਕਿ ਦਸਮੇਸ਼ ਪਿਤਾ ਤੋਂ ਥਾਪੜਾ ਲੈ ਕੇ ਜੁਲਮ ਦਾ ਖ਼ਾਤਮਾ ਕਰਨ ਤੁਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦਾਂ ਦੇ ਖੂਨ ਨਾਲ ਰੰਗੀ ਚੱਪੜਚਿੜੀ ਦੀ ਧਰਤੀ ’ਤੇ ਜ਼ਾਲਮ ਹਕੂਮਤ ਉੱਤੇ ਫਤਿਹ ਹਾਸਲ ਕਰਕੇ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਉਨ੍ਹਾਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਸਾਨਾਮੱਤੇ ਇਤਿਹਾਸ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਹੋਣਾ ਚਾਹੀਦਾ ਹੈ। ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਅਤੇ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਅੱਜ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਤੋੜਨ ਦੇ ਯਤਨ ਹੋ ਰਹੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਆਪਣੇ ਹੱਥ ਵਿੱਚ ਲੈਣਾ ਚਾਹੁੰਦੀਆਂ ਹਨ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਸਰਕਾਰਾਂ ਦੀਆਂ ਅਜਿਹੀਆਂ ਚਾਲਾਂ ਖ਼ਿਲਾਫ਼ ਇੱਕਜੱੁਟ ਹੋਣ ਦੀ ਅਪੀਲ ਕੀਤੀ। ਪ੍ਰਬੰਧਕਾਂ ਵੱਲੋਂ ਗਿਆਨੀ ਕੁਦੀਪ ਸਿੰਘ ਗੜਗੱਜ ਤੇ ਹੋਰਨਾਂ ਉੱਘੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ, ਕਰਮ ਸਿੰਘ ਬਬਰਾ, ਸੁਖਵਿੰਦਰ ਸਿੰਘ ਛਿੰਦੀ, ਸਾਬਕਾ ਚੇਅਰਮੈਨ ਜਸਵੀਰ ਸਿੰਘ ਜੱਸਾ, ਜਤਿੰਦਰਪਾਲ ਸਿੰਘ ਜੇਪੀ, ਨੰਬਰਦਾਰ ਹਰਵਿੰਦਰ ਸਿੰਘ, ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਤੇ ਸੋਹਨ ਸਿੰਘ, ਸਾਬਕਾ ਕੌਂਸਲਰ ਮਨਮੋਹਨ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ