Share on Facebook Share on Twitter Share on Google+ Share on Pinterest Share on Linkedin ਡੀਸੀ ਤੇ ਐੱਸਐੱਸਪੀ ਦੀ ਨਿਗਰਾਨੀ ਵਿੱਚ ਬੈੱਸਟੈੱਕ ਮਾਲ ’ਤੇ ਕਰਵਾਈ ਗਈ ਮੌਕ ਡਰਿੱਲ ਮੁਹਾਲੀ ਦਾ ਏਅਰ ਸਪੇਸ ਅਗਲੇ ਹੁਕਮਾਂ ਤੱਕ ਬੰਦ ਰਹੇਗਾ: ਡੀਸੀ ਕੋਮਲ ਮਿੱਤਲ ਜਮ੍ਹਾਂਖੋਰਾਂ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਐੱਸਐੱਸਪੀ ਨਬਜ਼-ਏ-ਪੰਜਾਬ, ਮੁਹਾਲੀ, 7 ਮਈ: ਮੁਹਾਲੀ ਵਿਖੇ ਹੰਗਾਮੀ ਹਾਲਤ ਵਿੱਚ ਨਾਗਰਿਕਾਂ ਦੇ ਬਚਾਅ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ, ਸੰਭਾਵੀ ਐਮਰਜੈਂਸੀ ਰਿਸਪੋਂਸ ਸਿਸਟਮ ਨੂੰ ਮਜ਼ਬੂਤ ਕਰਨ ਲਈ ਅੱਜ ਇੱਥੇ ਬੈੱਸਟੈੱਕ ਮਾਲ ਵਿਖੇ ਅੱਗ ਸੁਰੱਖਿਆ ਅਤੇ ਬਚਾਅ ਕਾਰਜਾਂ ’ਤੇ ਕੇਂਦਰਿਤ ਮੁਹਾਲੀ ਦੇ ਡਿਪਟੀ ਕੋਮਲ ਮਿੱਤਲ ਅਤੇ ਐੱਸਐੱਸਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਮੌਕ ਡਰਿੱਲ ਕੀਤੀ ਗਈ। ਇਸ ਅਭਿਆਸ ਦਾ ਉਦੇਸ਼ ਆਮ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਸੰਕਟਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਹੁਨਰਾਂ ਨਾਲ ਲੈਸ ਕਰਨਾ ਸੀ। ਇਹ ਅਭਿਆਸ ਬੁੱਧਵਾਰ ਸ਼ਾਮ 4 ਵਜੇ ਸੰਭਾਵੀ ਹਵਾਈ ਹਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਸ਼ੁਰੂ ਹੋਇਆ, ਜਿਸ ਨਾਲ ਪੁਲੀਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਪੰਜਾਬ ਹੋਮ ਗਾਰਡ, ਐਨਐਸਐਸ ਵਲੰਟੀਅਰਾਂ ਸਮੇਤ ਕਈ ਏਜੰਸੀਆਂ ਵਿੱਚ ਤੁਰੰਤ ਤਾਲਮੇਲ ਨੂੰ ਉਤਸ਼ਾਹਿਤ ਕਰਦੇ ਹੋਏ ਬਚਾਅ ਅਪਰੇਸ਼ਨ ਚਲਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਡਿਫੈਂਸ ਅਧਿਕਾਰੀਆਂ ਦੇ ਸਹਿਯੋਗ ਨਾਲ ਆਯੋਜਿਤ, ਅਭਿਆਸ ਨੇ ਅਸਲ-ਸਮੇਂ ਦੀ ਹੰਗਾਮੀ ਪ੍ਰਤੀਕਿਰਿਆ ਦੀ ਨਕਲ ਪੇਸ਼ ਕੀਤੀ। ਮਾਲ ਦੇ ਅੰਦਰ ਤੁਰੰਤ ਇੱਕ ਘਟਨਾ ਕਮਾਂਡ ਪੋਸਟ ਸਥਾਪਤ ਕੀਤੀ ਗਈ, ਜਿੱਥੇ ਭਾਗੀਦਾਰ ਵਿਭਾਗਾਂ ਦੇ ਨੋਡਲ ਅਫਸਰ ਇਕੱਠੇ ਹੋਏ। ਮਾਲ ਵਿੱਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਦੂਜੀ ਬੇਸਮੈਂਟ ਵਿੱਚ ਪੌੜੀਆਂ ਦੀ ਵਰਤੋਂ ਕਰਕੇ ਲਿਜਾਇਆ ਗਿਆ ਕਿਉਂਕਿ ਸੰਭਾਵੀ ਹਵਾਈ ਹਮਲੇ ਦੀ ਸੂਰਤ ਵਿੱਚ ਉਨ੍ਹਾਂ ਦੀ ਰੱਖਿਆ ਲਈ ਇਹ ਸਭ ਤੋਂ ਸੁਰੱਖਿਅਤ ਜਗ੍ਹਾ ਸੀ। ਸਿਵਲ ਡਿਫੈਂਸ ਅਧਿਕਾਰੀਆਂ ਅਤੇ ਸੀਆਈਐਸਐਫ਼ ਨੇ ਆਫ਼ਤ ਪ੍ਰਬੰਧਨ ਤਕਨੀਕਾਂ ਦੇ ਪ੍ਰਦਰਸ਼ਨ ਕੀਤੇ, ਜਦੋਂਕਿ ਹੋਰ ਟੀਮਾਂ ਨੇ ਐਮਰਜੈਂਸੀ ਦੌਰਾਨ ਵਿਅਕਤੀਆਂ ਨੂੰ ਬਚਾਉਣ ਅਤੇ ਇਲਾਜ ਕਰਨ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ ਤੇ ਜੀਵਨ ਬਚਾਉਣ ਵਾਲੇ ਪ੍ਰੋਟੋਕਾਲ ਅਪਣਾਉਣ ‘ਤੇ ਜ਼ੋਰ ਦਿੱਤਾ। ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਅੱਜ ਦਾ ਅਭਿਆਸ ਜਨਤਕ ਜਾਗਰੂਕਤਾ ਵਧਾਉਣ ਅਤੇ ਕਿਸੇ ਵੀ ਜ਼ਿਲ੍ਹਾ-ਵਿਆਪੀ ਐਮਰਜੈਂਸੀ ਲਈ ਤਿਆਰੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਅਜਿਹੇ ਅਭਿਆਸ ਸੁਰੱਖਿਆ ਅਤੇ ਤਿਆਰੀ ਨੂੰ ਵਧਾਉਣ ਲਈ ਕਾਰਗਰ ਉਪਾਅ ਹਨ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਾਡੀ ਤਿਆਰੀ ਨੂੰ ਵਧਾਉਂਦੇ ਹਨ। ਉਸਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨੇ ਆਪਣੇ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਯੋਜਨਾਬੱਧ ਢੰਗ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਕੋਈ ਖ਼ਦਸ਼ਾ ਨਹੀਂ ਹੈ ਪਰ ਅਸੀਂ ਜਮ੍ਹਾਂਖੋਰਾਂ ਅਤੇ ਸ਼ਰਾਰਤੀ ਤੱਤਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਹਵਾਈ ਖੇਤਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਇਸ ਅਭਿਆਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੁਲੀਸ ਹੋਰ ਵਿਭਾਗਾਂ ਦੀ ਮਦਦ ਨਾਲ ਅਜਿਹੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। ਇਸ ਮੌਕੇ ਏਡੀਸੀ ਸੋਨਮ ਚੌਧਰੀ, ਐਸਡੀਐਮ ਦਮਨਦੀਪ ਕੌਰ, ਐਸਪੀ ਰਮਨਦੀਪ ਸਿੰਘ, ਡੀਐਸਪੀ ਹਰਸਿਮਰਨ ਸਿੰਘ ਬੱਲ ਤੇ ਨਵੀਨਪਾਲ ਸਿੰਘ ਲਹਿਲ, ਜ਼ਿਲ੍ਹਾ ਮਾਲ ਅਧਿਕਾਰੀ ਅਮਨਦੀਪ ਚਾਵਲਾ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ