ਅੱਤਵਾਦੀ ਮਾਡਿਊਲ ਦਾ ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ, ਮੁਹਾਲੀ ’ਚ ਪਰਚਾ ਦਰਜ

ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਤੇ 13 ਜਿੰਦਾ ਕਾਰਤੂਸ ਬਰਾਮਦ, ਸਕਾਰਪੀਓ ਕਾਰ ਵੀ ਕੀਤੀ ਜ਼ਬਤ

ਮੁਲਜ਼ਮ ਸ਼ੇਰਾ ਨੂੰ ਪਹਿਲਾਂ 2022 ਵਿੱਚ ਮਿੱਥ ਕੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਲਈ ਕੀਤਾ ਗਿਆ ਸੀ ਗ੍ਰਿਫ਼ਤਾਰ

ਪੰਜਾਬ ਵਿੱਚ ਸਨਸਨੀਖ਼ੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਮੁਲਜ਼ਮ: ਡੀਜੀਪੀ ਗੌਰਵ ਯਾਦਵ

ਨਬਜ਼-ਏ-ਪੰਜਾਬ, ਮੁਹਾਲੀ, 14 ਮਈ:
ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵਿਦੇਸ਼ ਆਧਾਰਿਤ ਮਾਸਟਰ ਮਾਈਂਡ ਇਕਬਾਲਪ੍ਰੀਤ ਸਿੰਘ ਉਰਫ਼ ਬੁਚੀ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ਼ ਸ਼ੇਰਾ ਸਮੇਤ ਚਾਰ ਮੁਲਜ਼ਮਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਬਾਕੀ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਰਣਜੀਤ ਸਿੰਘ ਉਰਫ਼ ਸੋਨੂ ਅਤੇ ਜਗਜੀਤ ਸਿੰਘ ਉਰਫ਼ ਜਸ਼ਨ ਦੋਵੇਂ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਮੁਹਾਲੀ ਵਿੱਚ ਅਸਲਾ ਐਕਟ ਅਤੇ ਧਾਰਾ 120-ਬੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ 13 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੀ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸ਼ੇਰਾ, ਇਸ ਸਮੇਂ ਪੰਜਾਬ ਵਿੱਚ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਉਸ ਨੂੰ ਏਜੀਟੀਐਫ ਨੇ 2022 ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਕਬਾਲਪ੍ਰੀਤ ਬੁਚੀ ਨੇ ਗੁਰਵਿੰਦਰ ਸ਼ੇਰਾ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਲਈ 1.50 ਲੱਖ ਰੁਪਏ ਦਿੱਤੇ ਸਨ।
ਡੀਜੀਪੀ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਨੂੰ ਆਧਾਰ ਬਣਾ ਕੇ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਰਾਜਪੁਰਾ ਦੇ ਲਿਬਰਟੀ ਚੌਕ ਵਿੱਚ ਨਾਕਾ ਲਗਾਇਆ ਸੀ। ਇਸ ਦੌਰਾਨ ਏਆਈਜੀ ਗੁਰਮੀਤ ਸਿੰਘ ਚੌਹਾਨ ਤੇ ਏਆਈਜੀ ਸੰਦੀਪ ਗੋਇਲ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਨੇ ਉਕਤ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਸਕਾਰਪੀਓ ਕਾਰ ਵਿੱਚ ਜਾ ਰਹੇ ਸਨ। ਪੁੱਛਗਿੱਛ ਦੌਰਾਨ ਗੁਰਵਿੰਦਰ ਸ਼ੇਰਾ ਨੇ ਖੁਲਾਸਾ ਕੀਤਾ ਕਿ ਇਕਬਾਲਪ੍ਰੀਤ ਬੁਚੀ ਨੇ ਆਪਣੇ ਗੈਂਗ ਨੂੰ ਮੁੜ ਸੁਰਜੀਤ ਕਰ ਲਿਆ ਸੀ ਅਤੇ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਪੰਜਾਬ ਵਿੱਚ ਸਨਸਨੀਖ਼ੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਇਕਬਾਲਪ੍ਰੀਤ ਬੁਚੀ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿੱਚ ਸੀ ਅਤੇ ਰਮਨਦੀਪ ਬੱਗਾ ਉਰਫ਼ ਕੈਨੇਡੀਅਨ ਜੋ ਕਿ 2016-17 ਦੌਰਾਨ ਮਿੱਥ ਕੇ ਕਤਲ ਦੀਆਂ ਹੋਈਆਂ 7 ਵਾਰਦਾਤਾਂ ਵਿੱਚ ਮੁੱਖ ਸ਼ੂਟਰ ਸੀ। ਜਿਸ ’ਤੇ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਅਸਲਾ ਐਕਟ ਨਾਲ ਸਬੰਧਤ 11 ਪਰਚੇ ਦਰਜ ਹਨ, ਦਾ ਨਜ਼ਦੀਕੀ ਸਾਥੀ ਹੈ। ਇਸ ਸਮੇਂ ਬੱਗਾ ਤਿਹਾੜ ਜੇਲ੍ਹ ਵਿੱਚ ਬੰਦ ਹੈ। ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਇਸ ਕੱਟੜਪੰਥੀ ਗਰੁੱਪ ਵਿੱਚ ਹੋਰ ਮੈਂਬਰਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…