Share on Facebook Share on Twitter Share on Google+ Share on Pinterest Share on Linkedin ਵਿਆਹੁਤਾ ਮੁਟਿਆਰ ਦੀ ਮੌਤ ਦੇ ਮਾਮਲੇ ਵਿੱਚ ਪਤੀ ਤੇ ਸੱਸ ਖ਼ਿਲਾਫ਼ ਪਰਚਾ ਦਰਜ ਨਵਨੀਤ ਕੌਰ ਦਾ ਡੇਢ ਸਾਲ ਪਹਿਲਾਂ ਕੁਰਾਲੀ ਦੇ ਕੁਲਜਿੰਦਰ ਨਾਲ ਹੋਇਆ ਸੀ ਵਿਆਹ ਨਬਜ਼-ਏ-ਪੰਜਾਬ, ਮੁਹਾਲੀ, 14 ਮਈ: ਮੁਹਾਲੀ ਦੇ ਫੇਜ਼-1 ਦੀ ਵਸਨੀਕ ਨਵਨੀਤ ਕੌਰ ਦੀ ਉਸ ਦੇ ਸਹੁਰੇ ਘਰ ਕੁਰਾਲੀ ਵਿਖੇ ਹੋਈ ਮੌਤ ਦੇ ਮਾਮਲੇ ਵਿੱਚ ਕੁਰਾਲੀ ਪੁਲੀਸ ਵੱਲੋਂ ਨਵਨੀਤ ਕੌਰ ਦੇ ਪਿਤਾ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਮ੍ਰਿਤਕਾ ਦੇ ਪਤੀ ਕੁਲਜਿੰਦਰ ਅਤੇ ਸੱਸ ਅਮਰਜੀਤ ਕੌਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306, 34 ਅਧੀਨ ਮਾਮਲਾ ਦਰਜ ਕੀਤਾ ਹੈ। ਰਣਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਪੁੱਤਰੀ ਨਵਨੀਤ ਕੌਰ (26) ਦਾ ਵਿਆਹ ਨਵੰਬਰ 2022 ਵਿੱਚ ਕੁਲਜਿੰਦਰ ਸਿੰਘ ਵਾਸੀ ਵਾਰਡ ਨੰਬਰ-7 ਐਮਡੀ ਕਲੋਨੀ ਚੰਡੀਗੜ੍ਹ ਰੋਡ ਕੁਰਾਲੀ ਦੇ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਕੁਲਜਿੰਦਰ 2016 ਤੋਂ ਆਸਟਰੇਲੀਆ ਗਿਆ ਹੋਇਆ ਸੀ ਜਿਸ ਨੇ ਵਿਆਹ ਸਮੇਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਵਿਆਹ ਤੋਂ ਕੁਝ ਸਮੇਂ ਬਾਅਦ ਲੜਕੀ ਨਵਨੀਤ ਨੂੰ ਵਿਦੇਸ਼ ਆਸਟਰੇਲੀਆ ਲੈ ਜਾਵੇਗਾ ਪਰ ਕੁਲਜਿੰਦਰ ਨੇ ਨਵਨੀਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨਾਲ ਕੋਰਟ ਮੈਰਿਜ ਨਹੀਂ ਕਰਵਾਈ ਸੀ। ਉਹਨਾਂ ਪੁਲੀਸ ਨੂੰ ਦੱਸਿਆ ਕਿ ਨਵਨੀਤ ਵਿਆਹ ਤੋਂ ਬਾਅਦ ਸਰਸਵਤੀ ਨਰਸਿੰਗ ਕਾਲਜ ਘੜੂੰਆਂ ਵਿਖੇ ਲੈਕਚਰਾਰ ਲੱਗ ਗਈ ਸੀ। ਇਸ ਦੌਰਾਨ ਕੁਲਜਿੰਦਰ ਵਿਆਹ ਤੋਂ ਬਾਅਦ (2023 ਵਿੱਚ) ਇੰਡੀਆ ਆਇਆ ਸੀ ਅਤੇ ਉਸਨੇ ਨਵਨੀਤ ਨੂੰ ਫੇਸਬੁੱਕ, ਇੰਸਟਾਗ੍ਰਾਮ ਐਪ ਚਲਾਉਣ ਤੋਂ ਰੋਕਿਆ ਸੀ ਅਤੇ ਨਵਨੀਤ ਨੂੰ ਇਹ ਵੀ ਕਿਹਾ ਸੀ ਕਿ ਕਾਲਜ ਵਿੱਚ ਕਿਸੇ ਨੂੰ ਆਪਣੇ ਵਿਆਹ ਬਾਰੇ ਨਾ ਦੱਸੇ। ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦਾ ਜਵਾਈ ਅਤੇ ਉਸ ਦੀ ਮਾਂ ਨਵਨੀਤ ਨੂੰ ਨੌਕਰੀ ਛੱਡਣ ਲਈ ਕਹਿੰਦੀ ਸੀ ਅਤੇ ਨਵਨੀਤ ਨੇ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਉਸਦਾ ਵਿਦੇਸ਼ ਆਸਟਰੇਲੀਆ ਦਾ ਕੰਮ ਬਣ ਗਿਆ ਤਾਂ ਉਹ ਨੌਕਰੀ ਛੱਡ ਦੇਵੇਗੀ। ਉਹਨਾਂ ਕਿਹਾ ਹੈ ਕਿ ਨਵਨੀਤ ਵੱਲੋਂ ਨੌਕਰੀ ਛੱਡਣ ਤੋਂ ਨਾਂਹ ਕਰਨ ’ਤੇ ਉਸਦੇ ਪਤੀ ਅਤੇ ਸੱਸ ਨੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਸੀ। ਇਸ ਬਾਰੇ ਨਵਨੀਤ ਵਲੋੱ ਉਹਨਾਂ ਨੂੰ ਦੱਸਣ ਤੇ ਉਹ ਆਪਣੇ ਬੇਟੇ ਦੇ ਨਾਲ ਕੁਰਾਲੀ ਗਏ ਸੀ ਅਤੇ ਨਵਨੀਤ ਨੇ ਕਿਹਾ ਸੀ ਕਿ ਉਹ ਉਸਨੂੰ ਆਪਣੇ ਨਾਲ ਲੈ ਜਾਣ ਪਰੰਤੂ ਉਸਦੀ ਸੱਸ ਨੇ ਇਹ ਕਹਿ ਕੇ ਨਵਨੀਤ ਨੂੰ ਰੋਕਿਆ ਸੀ ਕਿ ਉਹ ਉਸਨੂੰ ਨੌਕਰੀ ਛੱਡਣ ਵਾਸਤੇ ਮਜਬੂਰ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਉਹਨਾਂ ਦਾ ਜਵਾਈ ਆਪਣੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਨਵਨੀਤ ਦੀ ਸੱਸ ਅਮਰਜੀਤ ਕੌਰ ਨਵਨੀਤ ਨੂੰ ਦੁਬਾਰਾ ਨੌਕਰੀ ਛੱਡਣ ਵਾਸਤੇ ਤੰਗ ਪਰੇਸ਼ਾਨ ਕਰਨ ਲੱਗ ਪਈ। ਜਦੋਂ ਨਵਨੀਤ ਨੇ ਫੋਨ ਤੇ ਕੁਲਜਿੰਦਰ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਵੀ ਉਸਨੂੰ ਬੁਰਾ ਭਲਾ ਕਿਹਾ। ਉਹਨਾਂ ਇਲਜਾਮ ਲਗਾਇਆ ਕਿ ਪਿਛਲੇ ਕਈ ਦਿਨਾਂ ਤੋਂ ਨਵਨੀਤ ਦੀ ਸੱਸ ਅਮਰਜੀਤ ਕੌਰ ਉਸ ਨੂੰ ਬਿਨਾਂ ਕਿਸੇ ਗੱਲ ਤੋਂ ਟਾਰਚਰ ਕਰਦੀ ਸੀ ਅਤੇ ਕੁਲਜਿੰਦਰ ਵੀ ਉਸ ਨੂੰ ਫੋਨ ’ਤੇ ਬੁਰਾ ਭਲਾ ਕਹਿੰਦਾ ਸੀ। ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੱਲ ਸਵੇਰੇ 7 ਵਜੇ ਨਵਨੀਤ ਦੀ ਸੱਸ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਨਵਨੀਤ ਆਪਣੇ ਕਮਰੇ ਵਿੱਚ ਸੁੱਤੀ ਪਈ ਹੈ ਅਤੇ ਦਰਵਾਜਾ ਖੜਕਾਉਣ ਤੇ ਦਰਵਾਜਾ ਨਹੀਂ ਖੋਲ੍ਹ ਰਹੀ। ਫਿਰ ਦੁਬਾਰਾ ਨਵਨੀਤ ਦੀ ਸੱਸ ਦਾ ਫੋਨ ਆਇਆ ਕਿ ਉਸ ਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਹੈ। ਜਦੋਂ ਨਵਨੀਤ ਦਾ ਭਰਾ ਦਿਲਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਕੁਰਾਲੀ ਪਹੁੰਚੇ ਤਾਂ ਉਹ ਬੈੱਡ ’ਤੇ ਪਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ