nabaz-e-punjab.com

ਊਣਤਾਈਆਂ: ਗਮਾਡਾ ਵੱਲੋਂ ਟੀਡੀਆਈ ਸਿਟੀ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ

ਸੈਕਟਰ-110 ਦੇ ਕਮਰਸ਼ੀਅਲ ਖੇਤਰ ਵਿਚਲੀਆਂ ਊਣਤਾਈਆਂ ਤੁਰੰਤ ਦੂਰ ਕਰਨ ਲਈ ਕਿਹਾ

ਲੋੜੀਂਦੀ ਕਾਰਵਾਈ ਨਾ ਕਰਨ ’ਤੇ ਬਿਜਲੀ ਸਪਲਾਈ ਬੰਦ ਕਰਨ ਤੇ ਪਾਰਸ਼ੀਅਲ ਕੰਪਲੀਸ਼ਨ ਰੱਦ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਟੀਡੀਆਈ ਸਿਟੀ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਟੀਡੀਆਈ ਸੈਕਟਰ-110 ਦੇ ਕਮਰਸ਼ੀਅਲ ਪ੍ਰਾਜੈਕਟ ਵਿਚਲੀਆਂ ਕਥਿਤ ਖ਼ਾਮੀਆਂ ਨੂੰ ਤੁਰੰਤ ਦੂਰ ਕਰਕੇ ਗਮਾਡਾ ਦਫ਼ਤਰ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਗਮਾਡਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟੀਡੀਆਈ ਸੈਕਟਰ-110 ਸਥਿਤ ਕਮਰਸ਼ੀਅਲ ਪਾਕਿਟ ਦੀ ਪਾਰਕਿੰਗ ਵਿੱਚ ਲੱਗੇ ਪੇਵਰ ਬਲਾਕ ਵਾਲੀ ਥਾਂ ਕਈ ਥਾਵਾਂ ’ਤੇ ਧੱਸ ਚੁੱਕੇ ਹਨ। ਜਿਸ ਦੀ ਮੈਂਟੀਨੈਂਸ ਕਰਨੀ ਬਣਦੀ ਹੈ। ਇਸ ਕਮਰਸ਼ੀਅਲ ਪਾਕਿਟ ਨੂੰ ਖਰੜ-ਬਨੂੜ ਹਾਈਵੇਅ ਨੰਬਰ-205ਏ ਤੋਂ ਪਹੁੰਚ ਲਈ ਗਈ ਹੈ ਅਤੇ ਮੌਕੇ ’ਤੇ ਕੰਪਨੀ ਵੱਲੋਂ ਐਂਟਰੀ ’ਤੇ ਮੇਨ ਗੇਟ ਲਗਾਇਆ ਗਿਆ ਹੈ, ਪ੍ਰੰਤੂ ਐਂਟਰੀ ’ਤੇ ਕੋਈ ਸਾਈਨ-ਬੋਰਡ ਨਹੀਂ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਐਂਟਰੀ ਦੇ ਖੱਬੇ ਪਾਸੇ ਲੋ-ਲਾਇੰਗ ਏਰੀਆ ਵਿੱਚ ਕੂੜਾ ਪਿਆ ਹੈ। ਗਮਾਡਾ ਨੇ ਇਸ ਪੱਤਰ ਦਾ ਉਤਾਰਾ ਕਿੰਗ ਸਟਰੀਟ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਟੀਡੀਆਈ ਸਿਟੀ ਦੇ ਪ੍ਰਧਾਨ ਸਿਕੰਦਰ ਸਿੰਘ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ।
ਗਮਾਡਾ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਕਮਰਸ਼ੀਅਲ ਏਰੀਆ ਦੇ ਸੀਵਰੇਜ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਅਤੇ ਸੀਵਰ ਦਾ ਪਾਣੀ ਟੈਂਕਰਾਂ ਰਾਹੀਂ ਡਿਸਪੋਜ ਆਫ਼ ਕੀਤਾ ਜਾ ਰਿਹਾ ਹੈ। ਇਸ ਖੇਤਰ ਦੀਆਂ ਕੱੁਝ ਸਟਰੀਟ ਲਾਈਟਾਂ ਵੀ ਬੰਦ ਹਨ ਅਤੇ ਸਟਰੀਟ ਲਾਈਟ ਦੇ ਖੰਭਿਆਂ ਨੂੰ ਪੇਂਟ ਅਤੇ ਟੁੱਟੇ ਹੋਏ ਸੇਫ਼ ਦੁਬਾਰਾ ਕਾਸਟ ਕਰਵਾਏ ਜਾਣੇ ਹਨ। ਸਟਰੀਟ ਲਾਈਟਾਂ ਦੀਆਂ ਕੇਬਲ ਤਾਰਾਂ ਦੇ ਜੋੜ ਵੀ ਨੰਗੇ ਹਨ, ਜਿਸ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਕੇਬਲ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦੀ ਲੋੜ ਹੈ। ਗਮਾਡਾ ਦੇ ਨੋਟਿਸ ਵਿੱਚ ਆਇਆ ਹੈ ਕਿ ਮੈਟਰ ਪੈਨਲਾਂ ਨੂੰ ਪੇਟ ਕਰਨ, ਧਰਤੀ ਉੱਤੇ ਪਈਆਂ ਐਲਟੀ ਅਤੇ ਐਚਟੀ ਕੇਬਲਾਂ ਨੂੰ ਜ਼ਮੀਨਦੋਜ਼ ਕਰਨ ਅਤੇ ਕਈ ਥਾਵਾਂ ’ਤੇ ਉਸਾਰੀਆਂ ਗਈਆਂ ਐਲਟੀ ਅਤੇ ਐਚਟੀ ਸੇਵਾਵਾਂ ਦੀ ਮੁਰੰਮਤ ਕੀਤੀ ਜਾਵੇ।
ਗਮਾਡਾ ਦੇ ਨੋਟਿਸ ਅਨੁਸਾਰ ਉਪਰੋਕਤ ਖ਼ਾਮੀਆਂ\ਊਣਤਾਈਆਂ ਕਾਰਨ ਜਾਨ-ਮਾਲ ਦਾ ਖ਼ਤਰਾ ਹੈ। ਇਸ ਲਈ ਤੁਰੰਤ ਸਬੰਧਤ ਤਰੁੱਟੀਆਂ ਦੂਰ ਕੀਤੀਆਂ ਜਾਣ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਨਿਰਧਾਰਿਤ ਸਮੇਂ ਵਿੱਚ ਲੋੜੀਂਦੀ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਜਾਨ-ਮਾਲ ਦੇ ਖ਼ਤਰੇ ਨੂੰ ਦੇਖਦੇ ਹੋਏ ਸਬੰਧਤ ਖੇਤਰ ਦੀ ਬਿਜਲੀ ਸਪਲਾਈ ਠੱਪ ਕਰ ਦਿੱਤੀ ਜਾਵੇਗੀ ਅਤੇ ਕੰਪਨੀ ਨੂੰ ਜਾਰੀ ਪਾਰਸ਼ੀਅਲ ਕੰਪਲੀਸ਼ਨ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਬਿਲਡਰਾਂ ਖ਼ਿਲਾਫ਼ ਗਮਾਡਾ ਦੀ ਇਸ ਤਰ੍ਹਾਂ ਦੀ ਇਹ ਵੱਡੀ ਕਾਰਵਾਈ ਹੈ ਜਦੋਂਕਿ ਹੋਰਨਾਂ ਮਾਮਲਿਆਂ ਵਿੱਚ ਗਮਾਡਾ ਵੱਲੋਂ ਮਹਿਜ਼ ਖਾਨਾਪੂਰਤੀ ਕੀਤੀ ਜਾਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…