ਮਿਸ਼ਨ-2024: ਪੰਜਾਬ ਵਿੱਚ ਸਾਰੀਆਂ ਸੀਟਾਂ ’ਤੇ ਹਾਰੇਗੀ ‘ਆਪ’: ਸੁਖਪਾਲ ਖਹਿਰਾ

ਦਲਿਤ ਸੰਗਠਨਾਂ ਦਾ ਪੱਕਾ ਮੋਰਚਾ 76ਵੇਂ ਦਿਨ ’ਚ ਦਾਖ਼ਲ, ਸੁਖਪਾਲ ਖਹਿਰਾ ਵੱਲੋਂ ਸਮਰਥਨ ਦੇਣ ਦਾ ਐਲਾਨ

ਦਲਿਤ ਆਗੂ ਬਲਵਿੰਦਰ ਕੁੰਭੜਾ ਤੇ ਪਤਨੀ ਵਿਰੁੱਧ ਦਰਜ ਝੂਠੇ ਪਰਚੇ ਦੀ ਨਿਖੇਧੀ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 6 ਮਾਰਚ:
ਐਸਸੀ\ਬੀਸੀ ਮਹਾ ਪੰਚਾਇਤ ਵੱਲੋਂ ਜਾਅਲੀ ਐਸਸੀ ਸਰਟੀਫਿਕੇਟਾਂ ਦੇ ਮੁੱਦੇ ’ਤੇ ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਚੱਲ ਰਿਹਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਬੁੱਧਵਾਰ ਨੂੰ 76ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧਰਨੇ ਵਿੱਚ ਪਹੁੰਚ ਕੇ ਦਲਿਤ ਸੰਗਠਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਜਾਅਲੀ ਐਸਸੀ\ਬੀਸੀ ਜਾਤੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਅਤੇ ਹੋਰ ਲਾਭ ਹਾਸਲ ਕੀਤੇ ਹਨ। ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਇਹ ਐਲਾਨ ਕੀਤਾ ਹੈ ਕਿ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਲਿਹਾਜ਼ਾ ਹੁਣ ਮੁੱਖ ਮੰਤਰੀ ਨੂੰ ਆਪਣਾ ਵਚਨ ਪੁਗਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਵਿੱਚ ਸ਼ੱਕੀ ਵਿਅਕਤੀਆਂ ਦੇ ਜਾਤੀ ਸਰਟੀਫਿਕੇਟਾਂ ਦੀ ਉੱਚ ਪੜਤਾਲ ਕਰਵਾਈ ਜਾਵੇ ਅਤੇ ਕਸੂਰਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਾ ਜਾਵੇ।
ਆਗਾਮੀ ਲੋਕ ਸਭਾ ਚੋਣਾਂ ਬਾਰੇ ਪੁੱਛੇ ਜਾਣ ’ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ 13 ਦੀਆਂ 13 ਸੀਟਾਂ ’ਤੇ ‘ਆਪ’ ਬੁਰੀ ਤਰ੍ਹਾਂ ਹਾਰੇਗੀ। ‘ਆਪ’ ਨਾਲ ਗੱਠਜੋੜ ਬਾਰੇ ਖਹਿਰਾ ਸਪੱਸ਼ਟ ਆਖਿਆ ਕਿ ਭਾਜਪਾ ਖ਼ਿਲਾਫ਼ ਕੌਮੀ ਪੱਧਰ ’ਤੇ ‘ਇੰਡੀਆ ਗੱਠਜੋੜ’ ਬਣਿਆ ਹੈ ਪਰ ਉਹ ਪੰਜਾਬ ਨੂੰ ਜਵਾਬਦੇਹ ਹਨ। ਸਾਡਾ ‘ਆਪ’ ਨਾਲ ਗੱਠਜੋੜ ਨਹੀਂ ਬਲਕਿ ਲੱਠ-ਜੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ਰੋਜ਼ਾਨਾ ਤਾਂ ਲਾਠੀਆਂ ਕੱਢ ਲੈਂਦੇ ਹਨ। ਕਾਂਗਰਸੀ ਵਿਧਾਇਕਾਂ ਸਮੇਤ ਸਰਪੰਚਾਂ-ਪੰਚਾਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ ਅਤੇ ਉਸ ਦੀ ਪਤਨੀ ’ਤੇ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਪੁਲੀਸ ਦਾ ਡੰਡਾ ਦਿਖਾ ਕੇ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਹਨ। ਕੁੰਭੜਾ ਦਾ ਕਸੂਰ ਸਿਰਫ਼ ਇਹ ਹੈ ਕਿ ਉਨ੍ਹਾਂ ਨੇ ਦਲਿਤਾਂ ਦੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ। ਜਿਹੜਾ ਵੀ ਆਗੂ ਜਬਰ-ਜੁਲਮ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਦੀ ਸੰਘੀ ਘੁੱਟਣ ਲਈ ਪੁਲੀਸ ਕੇਸ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲੀਸ ਰਾਜ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਵੀਆਈਪੀ ਕਲਚਰ ਖ਼ਤਮ ਕਰਨ, ਪੰਜਾਬ ਵਿੱਚ ਇਨਕਲਾਬ ਲਿਆਉਣ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ।
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ, ਰੇਸ਼ਮ ਸਿੰਘ ਕਾਹਲੋਂ, ਐਡਵੋਕੇਟ ਓਪੀ ਇੰਦਲ, ਪ੍ਰਵੀਨ ਟਾਂਕ, ਲਖਵੀਰ ਸਿੰਘ ਵਡਾਲਾ, ਪਰਮਿੰਦਰ ਸਿੰਘ ਮਲੋਆ, ਅਜੈਬ ਸਿੰਘ ਬਠੋਈ, ਬਲਜੀਤ ਸਿੰਘ ਕਕਰਾਲੀ, ਬਲਵਿੰਦਰ ਸਿੰਘ ਗੁਲਮੋਹਰ ਸਿਟੀ, ਸਿਮਰਨਜੀਤ ਸਿੰਘ ਸ਼ੈਂਕੀ, ਹਰਨੇਕ ਸਿੰਘ ਮਲੋਆ, ਬਲਵਿੰਦਰ ਸਿੰਘ ਗਿੱਲ, ਜੈਮਸ ਰਾਇਲ, ਮਨਦੀਪ ਸਿੰਘ, ਕਰਮਜੀਤ ਸਿੰਘ, ਮੁਖ਼ਤਿਆਰ ਸਿੰਘ ਕਕਰਾਲਾ, ਬੰਟੀ ਕੁੰਭੜਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…