Share on Facebook Share on Twitter Share on Google+ Share on Pinterest Share on Linkedin ਅਤਿਵਾਦੀ ਗਰੋਹ: ਮੁਹਾਲੀ ਅਦਾਲਤ ਵੱਲੋਂ 3 ਮੁਲਜ਼ਮਾਂ ਦਾ 4 ਰੋਜ਼ਾ ਪੁਲੀਸ ਰਿਮਾਂਡ, 3 ਮੁਲਜ਼ਮ ਜੇਲ੍ਹ ਭੇਜੇ ਪੰਜਾਬ ਵਿੱਚ ਮੁੜ ਤੋਂ ਅਤਿਵਾਦ ਸੁਰਜੀਤ ਕਰਨ ਲਈ ਵਿਦੇਸ਼ਾਂ ’ਚੋਂ ਹੁੰਦੀ ਫੰਡਿੰਗ ਬਾਰੇ ਪਤਾ ਲਗਾਉਣ ’ਚ ਜੁੱਟੀ ਪੁਲੀਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ: ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਅਤਿਵਾਦੀ ਗਰੋਹ ਗ੍ਰਿਫ਼ਤਾਰ ਛੇ ਮੁਲਜ਼ਮਾਂ ਹਰਵਿੰਦਰ ਸਿੰਘ ਵਾਸੀ ਪਿੰਡ ਰੈਲੀ, ਸੈਕਟਰ-12 ਪੰਚਕੂਲਾ, ਸੁਲਤਾਨ ਸਿੰਘ ਵਾਸੀ ਪਿੰਡ ਸੈਦਪੁਰਾ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ, ਕਰਮਜੀਤ ਸਿੰਘ ਵਾਸੀ ਪਿੰਡ ਰਾਓਕੇ ਕਲਾਂ ਜ਼ਿਲ੍ਹਾ ਮੋਗਾ, ਲਵਪ੍ਰੀਤ ਸਿੰਘ ਵਾਸੀ ਬਾਲੀਆਨ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਵਾਸੀ ਸੈਕਟਰ-20ਸੀ ਚੰਡੀਗੜ੍ਹ ਅਤੇ ਦਲੇਰ ਸਿੰਘ ਵਾਸੀ ਰੋਹਨੀ, ਨਵੀਂ ਦਿੱਲੀ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ’ਚੋਂ ਦਲੇਰ ਸਿੰਘ, ਸੁਲਤਾਨ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਜਦੋਂਕਿ ਬਾਕੀ ਤਿੰਨ ਮੁਲਜ਼ਮਾਂ ਨੂੰ ਦੁਬਾਰਾ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਸਾਰੇ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਦਲੇਰ ਸਿੰਘ ਬੀਤੇ ਦਿਨੀਂ ਪੰਚਕੂਲਾ ਵਿੱਚ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਬਾਕੀ ਮੁਲਜ਼ਮਾਂ ਦੀ ਮੁਹਾਲੀ ’ਚੋਂ ਗ੍ਰਿਫ਼ਤਾਰੀ ਪਾਈ ਸੀ। ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਮੁੜ ਤੋਂ ਅਤਿਵਾਦ ਨੂੰ ਸੁਰਜੀਤ ਕਰਨ ਲਈ ਵਿਦੇਸ਼ੀ ਮੁਲਕਾਂ ’ਚੋਂ ਹੋਈ ਫੰਡਿੰਗ ਬਾਰੇ ਉਕਤ ਮੁਲਜ਼ਮਾਂ ਤੋਂ ਪੁੱਛਗਿੱਛ ਕਰਨੀ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਹੱਤਿਆਵਾਂ ਦੀਆਂ ਯੋਜਨਾਵਾਂ ਘੜਨ ਬਾਰੇ ਹੋਰ ਪੁੱਛਗਿੱਛ ਕਰਨੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੁਝ ਅਜਿਹੇ ਖਾਸ ਹਿੰਦੂ ਆਗੂਆਂ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ, ਜੋ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਇਨ੍ਹਾਂ ਵਿਅਕਤੀਆਂ ਨੂੰ ਯੂਰਪ ਵਿੱਚ ਬੈਠੇ ਸ਼ੱਕੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵਰਗਲਾਇਆ ਸੀ। ਉਨ੍ਹਾਂ ਰਾਜ ਦੀ ਫਿਰਕੂ ਸਦਭਾਵਨਾ ਤੇ ਸ਼ਾਂਤੀ ਨੂੰ ਤਹਿਸ ਨਹਿਸ ਕਰਨ ਦੀ ਯੋਜਨਾ ਬਣਾਈ ਸੀ ਅਤੇ ਕਈ ਮੀਟਿੰਗਾਂ ਵੀ ਕੀਤੀਆਂ ਸਨ। ਉਨ੍ਹਾਂ ਕਿਹਾ ਇਸ ਸਬੰਧੀ ਮੁਹਾਲੀ ਵਿੱਚ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਇਸ ਸਮੇਂ ਆਪਣੀਆਂ ਕਾਰਵਾਈਆਂ ਲਈ ਫੰਡ ਜੁਟਾ ਰਹੇ ਸਨ ਅਤੇ ਉਨ੍ਹਾਂ ਹਥਿਆਰ ਵੀ ਹਾਸਲ ਕਰ ਲਏ ਸਨ। ਹੁਣ ਉਹ ਜੰਮੂ ਕਸ਼ਮੀਰ ਵਿੱਚ ਹਥਿਆਰਾਂ ਦੀ ਸਿਖਲਾਈ ਦੀ ਯੋਜਨਾ ਬਣਾ ਰਹੇ ਸਨ। ਉਹ ਜੇਲ੍ਹ ਵਿੱਚ ਬੰਦ ਬੱਬਰ ਖਾਲਸਾ ਦੇ ਖਾੜਕੂ ਜਗਤਾਰ ਸਿੰਘ ਹਵਾਰਾ ਅਤੇ ਜਰਮਨੀ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਪੱਖੋਕੇ ਦੇ ਵੀ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਭਾਰਤ ਤੇ ਵਿਦੇਸ਼ਾਂ ਤੋਂ ਚਲਦੇ ਇਸ ਗਰੋਹ ਦੀ ਸਮੁੱਚੇ ਨੈੱਟਵਰਕ ਅਤੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ