ਅੰਤਿਮ ਸਸਕਾਰ ਲਈ ਬਿਜਲਈ ਮਸ਼ੀਨ ਵਾਲੇ ਪਾਸੇ ਸ਼ੈਡ ਬਣਾਉਣ, ਜਨਰੇਟਰ ਤੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ

ਆਰਟੀਆਈ ਕਾਰਕੁਨ ਤੇ ਕੌਂਸਲਰ ਕੁਲਜੀਤ ਬੇਦੀ ਨੇ ਮੁਹਾਲੀ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਆਰਟੀਆਈ ਕਾਰਕੁਨ ਤੇ ਸਮਾਜ ਸੇਵੀ ਆਗੂ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਵਿਅਕਤੀਆਂ ਦਾ ਅੰਤਿਮ ਸਸਕਾਰ ਕਰਨ ਲਈ ਇਲੈਕਟ੍ਰਾਨਿਕ ਕ੍ਰਿਮੇਸ਼ਨ ਮਸ਼ੀਨ (ਅੰਤਿਮ ਸਸਕਾਰ ਲਈ ਬਿਜਲਈ ਮਸ਼ੀਨ) ਲਗਾਉਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕੁਝ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਦੇਣ ਸਬੰਧੀ ਮੁਹਾਲੀ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। ਸ੍ਰੀ ਬੇਦੀ ਨੇ ਮੇਅਰ ਅਤੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਜਿਸ ਪਾਸੇ ਇਲੈਕਟ੍ਰਾਨਿਕ ਕ੍ਰਿਮੇਸ਼ਨ ਮਸ਼ੀਨ ਲਗਾਈ ਗਈ ਹੈ, ਉਸ ਪਾਸੇ ਫਿਲਹਾਲ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਰਿਵਾਰ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਕਿਸੇ ਮ੍ਰਿਤਕ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਲਈ ਜਾਂਦਾ ਹੈ ਤਾਂ ਉੱਥੇ ਬਜ਼ੁਰਗਾਂ ਜਾਂ ਅੰਗਹੀਣ ਲੋਕਾਂ ਦੇ ਬੈਠਣ ਲਈ ਬੈਂਚ ਤੱਕ ਨਹੀਂ ਹਨ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਅੰਤਿਮ ਸਸਕਾਰ ਕਰਨ ਮਗਰੋਂ ਪਾਠ ਕਰਨ ਮੌਕੇ ਬੈਠਣ ਲਈ ਸ਼ੈੱਡ ਦਾ ਕੋਈ ਪ੍ਰਬੰਧ ਨਹੀਂ ਹੈ। ਇੱਥੋਂ ਤੱਕ ਕਿ ਜਨਰੇਟਰ ਦੀ ਵੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਸਕਾਰ ਕਰਦੇ ਸਮੇਂ ਅਚਾਨਕ ਲਾਈਟ ਚਲੀ ਜਾਵੇ ਤਾਂ ਸਥਿਤੀ ਕਾਫ਼ੀ ਖਰਾਬ ਹੋ ਸਕਦੀ ਹੈ। ਜਿਸ ਦਾ ਲੋਕ ਮਨਾਂ ’ਤੇ ਗਲਤ ਪ੍ਰਭਾਵ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਲੈਕਟ੍ਰਾਨਿਕ ਕ੍ਰਿਮੇਸ਼ਨ ਮਸ਼ੀਨ ਵਾਲੇ ਪਾਸੇ ਬਕਾਇਦਾ ਸ਼ੈੱਡ ਬਣਾਇਆ ਜਾਵੇ, ਜਨਰੇਟਰ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…