ਮਾਲਵਿੰਦਰ ਮਾਲੀ ਦੀ ਜੇਲ੍ਹ ’ਚੋਂ ਰਿਹਾਈ ਦਾ ਰਾਹ ਪੱਧਰਾ, ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਪੰਜਾਬ ਸਰਕਾਰ ਨੂੰ 24 ਜਨਵਰੀ 2025 ਤੱਕ ਆਪਣਾ ਪੱਖ ਰੱਖਣ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 29 ਅਕਤੂਬਰ:
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉੱਘੇ ਸਮਾਜਿਕ ਚਿੰਤਕ ਤੇ ਰਾਜਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ। ਹਾਲਾਂਕਿ ਮਾਲੀ ਨੇ ਹੇਠਲੀ ਅਦਾਲਤ ਜਾਂ ਉੱਚ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਨਹੀਂ ਸੀ ਕੀਤੀ ਪ੍ਰੰਤੂ ਹਾਈ ਕੋਰਟ ਨੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਆਪਣੇ ਪੱਧਰ ’ਤੇ ਹੀ ਮਾਲਵਿੰਦਰ ਮਾਲੀ ਨੂੰ ਜ਼ਮਾਨਤ ਦਿੰਦਿਆਂ ਹੇਠਲੀ ਅਦਾਲਤ (ਮੁਹਾਲੀ ਅਦਾਲਤ) ਨੂੰ ਆਦੇਸ਼ ਦਿੱਤੇ ਹਨ ਕਿ ਮਾਲਵਿੰਦਰ ਮਾਲੀ ਕੋਲੋਂ ਜ਼ਮਾਨਤੀ ਬਾਂਡ ਭਰਵਾ ਕੇ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ। ਹਾਈ ਕੋਰਟ ਦੇ ਇਸ ਤਾਜ਼ਾ ਫ਼ੈਸਲੇ ਨਾਲ ਇਨਸਾਫ਼ ਪਸੰਦ ਲੋਕਾਂ ਦਾ ਨਿਆਂਪਾਲਿਕਾ ਵਿੱਚ ਵਿਸਵਾਸ਼ ਵਧਿਆ ਹੈ।
ਉਧਰ, ਹਾਈ ਕੋਰਟ ਨੇ ਮਾਲਵਿੰਦਰ ਮਾਲੀ ਵਿਰੁੱਧ ਦਰਜ ਐਫ਼ਆਈਆਰ ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਅਗਲੀ ਤਰੀਕ ’ਤੇ 24 ਜਨਵਰੀ 2025 ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ। ਕਾਬਿਲੇਗੌਰ ਹੈ ਕਿ ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਨੇ ਝੂਠਾ ਪਰਚਾ ਰੱਦ ਕਰਵਾਉਣ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਸੀ। ਇਸ ਸਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ, ਡੀਜੀਪੀ ਅਤੇ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕਰਕੇ 28 ਅਕਤੂਬਰ ਤੱਕ ਆਪਣਾ ਪੱਖ ਰੱਖਣ ਲਈ ਕਿਹਾ ਸੀ ਪ੍ਰੰਤੂ ਸੋਮਵਾਰ ਨੂੰ ਪੰਜਾਬ ਸਰਕਾਰ ਜਾਂ ਪੁਲੀਸ ਨੇ ਆਪਣਾ ਪੱਖ ਰੱਖਣ ਤੋਂ ਅਸਮਰੱਥਾ ਦਿਖਾਉਣ ਨੇ ਅਦਾਲਤ ਨੇ ਸੂਬਾ ਸਰਕਾਰ ਨੂੰ 24 ਜਨਵਰੀ ਤੱਕ ਪੱਖ ਰੱਖਣ ਦੀ ਮੋਹਲਤ ਦਿੰਦਿਆਂ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤੇ ਗਏ ਕਿ ਮਾਲੀ ਕੋਲੋਂ ਜ਼ਮਾਨਤੀ ਬਾਂਡ ਭਰਵਾ ਕੇ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇ। ਇਸ ਮਾਮਲੇ ਵਿੱਚ ਮਾਲਵਿੰਦਰ ਮਾਲੀ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਮੁਹਾਲੀ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 11 ਨਵੰਬਰ ਨੂੰ ਹੋਵੇਗੀ।
ਪੀੜਤ ਪਰਿਵਾਰ ਅਨੁਸਾਰ ਸੀਨੀਅਰ ਵਕੀਲਾਂ ਦੀ ਕਾਨੂੰਨੀ ਰਾਇ ਲੈ ਕੇ ਜਲਦੀ ਹੀ ਮੁਹਾਲੀ ਅਦਾਲਤ ਵਿੱਚ ਜ਼ਮਾਨਤੀ ਬਾਂਡ ਭਰਿਆ ਜਾਵੇਗਾ ਅਤੇ ਮਾਲਵਿੰਦਰ ਸਿੰਘ ਮਾਲੀ ਨੂੰ ਜੇਲ੍ਹ ’ਚੋਂ ਰਿਹਾਅ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨੁੱਖੀ ਅਧਿਕਾਰ ਸੰਗਠਨਾਂ, ਬੁੱਧੀਜੀਵੀਆਂ, ਵਕੀਲਾਂ ਅਤੇ ਇਨਸਾਫ਼ ਤੇ ਜਮਹੂਰੀਅਤ ਪਸੰਦ ਜਥੇਬੰਦੀਆਂ ਦੇ ਨੁਮਾਇੰਦਿਆਂ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਡੀਸੀ ਅਤੇ ਐੱਸਐੱਸਪੀ ਦਫ਼ਤਰਾਂ ਦੇ ਬਾਹਰ ਆਪਣੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮੁਜ਼ਾਹਰੇ ਕੀਤੇ ਗਏ ਸਨ। ਸ਼ਾਮ ਨੂੰ 5 ਵਜੇ ਚੰਡੀਗੜ੍ਹ ਦੇ ਸੈਕਟਰ-17 ਵਿੱਚ ਵੀ ਅਜਿਹਾ ਰੋਸ ਵਿਖਾਵਾ ਕੀਤਾ ਗਿਆ। ਡਾ. ਪਿਆਰੇ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ, ਜੀਟੀਯੂ ਦੇ ਆਗੂ ਹਰਨੇਕ ਸਿੰਘ ਮਾਵੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ, ਹਰਮਿੰਦਰ ਸਿੰਘ ਮਾਵੀ, ਡਾ. ਖ਼ੁਸ਼ਹਾਲ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਮਾਲਵਿੰਦਰ ਮਾਲੀ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਨਿਖੇਧੀ ਕਰਦਿਆਂ ਪਰਚਾ ਰੱਦ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਦੇ ਨਾਲ-ਨਾਲ ਸਮਾਜਿਕ ਲੜਾਈ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…