ਲੋਕ ਸਭਾ ਚੋਣਾਂ: ਸੀ-ਵਿਜਿਲ ਰਾਹੀਂ 43 ਸ਼ਿਕਾਇਤਾਂ ਤੇ ਟੋਲ-ਫ੍ਰੀ ਨੰਬਰ 1950 ਰਾਹੀਂ 53 ਸ਼ਿਕਾਇਤਾਂ ਮਿਲੀਆਂ

ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ: ਡੀਸੀ ਆਸ਼ਿਕਾ ਜੈਨ

ਨੌਂ ਫਲਾਇੰਗ ਸਕੁਐਡਜ਼ ਅਤੇ ਨੌ ਸਟੈਟਿਕ ਸਰਵੇਲੈਂਸ ਟੀਮਾਂ ਰਾਹੀਂ 24 ਘੰਟੇ ਚੌਕਸੀ ਰੱਖਣ ਦਾ ਦਾਅਵਾ

ਐਨਡੀਪੀਐਸ 72, ਅਸਲਾ ਐਕਟ 20 ਤੇ ਸ਼ਰਾਬ ਤਸਕਰੀ ਤਹਿਤ 54 ਮੁਲਜ਼ਮ ਗ੍ਰਿਫ਼ਤਾਰ ਕੀਤੇ: ਐਸਐਸਪੀ

ਨਬਜ਼-ਏ-ਪੰਜਾਬ, ਮੁਹਾਲੀ, 7 ਮਈ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਨੌਂ ਫਲਾਇੰਗ ਸਕੁਐਡ ਟੀਮਾਂ ਅਤੇ ਨੌਂ ਸਟੈਟਿਕ ਸਰਵੀਲੈਂਸ ਟੀਮਾਂ ਵੱਲੋਂ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਇਸ ਮੌਕੇ ਐਸਐਸਪੀ ਸੰਦੀਪ ਗਰਗ, ਏਡੀਸੀਜ਼ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਰੋਕਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਚਲਾਇਆ ਜਾ ਰਿਹਾ ਹੈ। ਜਿੱਥੇ ਸੀ-ਵਿਜਿਲ ਐਪ ਰਾਹੀਂ 53 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਵੋਟਰਾਂ ਦੇ ਹੱਥਾਂ ਵਿੱਚ ਇਹ ਅਜਿਹਾ ਇੱਕ ਮਜ਼ਬੂਤ ਸਾਧਨ ਹੈ, ਜਿੱਥੇ ਕੋਈ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਕਰ ਸਕਦਾ ਹੈ। ਇਨ੍ਹਾਂ ’ਚੋਂ 35 ਸ਼ਿਕਾਇਤਾਂ ਸਹੀ ਪਾਈਆਂ ਗਈਆਂ, ਜਿਨ੍ਹਾਂ ਦੀ ਕਾਰਵਾਈ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ, ਜਦਕਿ 18 ਸ਼ਿਕਾਇਤਾਂ ਜਾਂਚ ਮਗਰੋਂ ਦਾਖ਼ਲ ਦਫ਼ਤਰ ਕੀਤੀਆਂ ਗਈਆਂ ਹਨ।
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 24 ਘੰਟੇ ਕੰਟਰੋਲ ਸੈੱਲ, ਟੋਲ ਫਰੀ ਨੰਬਰ 1950 ’ਤੇ 43 ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ’ਚੋਂ 33 ਮਾਮਲਿਆਂ ਵਿੱਚ ਕਾਰਵਾਈ ਦੀ ਰਿਪੋਰਟ ਚੋਣ ਕਮਿਸ਼ਨ ਭੇਜੀ ਗਈ ਹੈ, ਜਦਕਿ 5 ਸ਼ਿਕਾਇਤਾਂ ਜਾਂਚ ਬਾਅਦ ਡਰੋਪ ਕਰ ਦਿੱਤੀਆਂ ਹਨ ਅਤੇ 5 ਸ਼ਿਕਾਇਤਾਂ ’ਤੇ ਕਾਰਵਾਈ ਜਾਰੀ ਹੈ।
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਲਈ ਸਿਵਲ ਪ੍ਰਸ਼ਾਸਨ ਨਾਲ ਮਿਲਕੇ ਸੰਵੇਦਨਸ਼ੀਲ ਥਾਵਾਂ ’ਤੇ 9 ਅੰਤਰਰਾਜੀ ਨਾਕੇ ਲਗਾਏ ਜਾ ਰਹੇ ਹਨ। ਕੇਂਦਰੀ ਸੁਰੱਖਿਆ ਬਲਾਂ ਦੀ ਟੁਕੜੀ ਨਾਲ ਗਸ਼ਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਐਨਡੀਪੀਐਸ ਐਕਟ ਤਹਿਤ 52 ਕੇਸ ਦਰਜ ਕਰਕੇ 72 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਬਰਾਮਦ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ 2.31 ਕਰੋੜ ਰੁਪਏ ਹੈ। ਅਸਲਾ ਐਕਟ ਤਹਿਤ ਦਰਜ 13 ਮਾਮਲਿਆਂ ਵਿੱਚ 16 ਪਿਸਤੌਲ, 1 ਰਾਈਫਲ, 4 ਦੇਸੀ ਕੱਟਾ ਬਰਾਮਦ ਕਰਕੇ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਆਬਕਾਰੀ ਐਕਟ ਤਹਿਤ 2376 ਲੀਟਰ ਲਾਹਣ ਬਰਾਮਦ ਕਰਕੇ 54 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 50 ਕੇਸ ਦਰਜ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਹੁਣ ਤੱਕ 119 ਪੋਲਿੰਗ ਬੂਥਾਂ ’ਚੋਂ 37 ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ। 1 ਜਨਵਰੀ 2024 ਤੋਂ ਹੁਣ ਤੱਕ 24,861 ਨਵੇਂ ਵੋਟਰ ਰਜਿਸਟਰਡ ਹੋਏ ਹਨ। ਮਤਦਾਨ ਵਾਲੇ ਦਿਨ ਗਰਮੀ ਤੇ ਲੂ ਤੋਂ ਬਚਾਅ ਲਈ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਏਸੀ/ਕੂਲਰ/ਪੱਖੇ, ਛਾਂ/ਸ਼ਾਮਿਆਨਾ, ਬੈਠਣ ਦਾ ਪ੍ਰਬੰਧ, ਮਿੱਠੇ ਪਾਣੀ ਦੀ ਛਬੀਲ/ਪੀਣ ਵਾਲਾ ਪਾਣੀ, ਓਆਰਐੱਸ, ਮੈਡੀਕਲ ਕੈਂਪ/ਐਮਰਜੈਂਸੀ ਸੇਵਾਵਾਂ ਦੀ ਵਿਵਸਥਾ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 8,06, 500 ਵੋਟਰ ਹਨ, ਜਿਨ੍ਹਾਂ ਵਿੱਚ 4,22,576 ਪੁਰਸ਼ ਵੋਟਰ, 3,83,886 ਮਹਿਲਾ ਵੋਟਰ ਅਤੇ 38 ਤੀਜੇ ਲਿੰਗ ਦੇ ਵੋਟਰ ਹਨ। ਇਨ੍ਹਾਂ ’ਚੋਂ 85 ਸਾਲ ਤੋਂ ਵੱਧ ਉਮਰ ਦੇ 6218 ਵੋਟਰਾਂ ਅਤੇ 6808 ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜਿਨ੍ਹਾਂ ਨੂੰ ਪੋਸਟਲ ਬੈਲਟ ਸੇਵਾਵਾਂ/ਬੂਥ ’ਤੇ ਜਾਣ ਲਈ ਮੁਫ਼ਤ ਆਵਾਜਾਈ ਪ੍ਰਦਾਨ ਕੀਤੀ ਜਾਵੇਗੀ। ਜ਼ਿਲ੍ਹੇ ਵਿੱਚ ਇਸ ਵਾਰ 19,193 ਨੌਜਵਾਨ ਲੜਕੇ-ਲੜਕੀਆਂ ਪਹਿਲੀ ਵਾਰ ਵੋਟ ਪਾਉਣਗੇ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…