ਮਿਸ਼ਨ-2024: ਸਾਰੇ ਕਾਂਗਰਸੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ’ਚ ਹੋਏ ਸਫਲ ਬਲਬੀਰ ਸਿੱਧੂ

ਮੁਹਾਲੀ ਦੀ ਸਮੁੱਚੀ ਕਾਂਗਰਸ ਵਿਜੈਇੰਦਰ ਸਿੰਗਲਾ ਨੂੰ ਜਿਤਾਉਣ ਲਈ ਪੱਬਾਂ ਭਾਰ: ਸਿੱਧੂ

ਮੁਹਾਲੀ ਦੇ ਮੇਅਰ ਦੀ ਅਗਵਾਈ ਹੇਠ ਸਾਰੇ ਕਾਂਗਰਸੀ ਕੌਂਸਲਰਾਂ ਨੇ ਬਣਾਈ ਸਾਂਝੀ ਰਣਨੀਤੀ

ਨਬਜ਼-ਏ-ਪੰਜਾਬ, ਮੁਹਾਲੀ, 7 ਮਈ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਖਰਕਾਰ ਮੁਹਾਲੀ ਹਲਕੇ ਦੇ ਸਾਰੇ ਕਾਂਗਰਸੀ ਆਗੂਆਂ, ਸ਼ਹਿਰ ਦੇ ਕੌਂਸਲਰਾਂ ਅਤੇ ਸਰਗਰਮ ਵਰਕਰਾਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਵਿੱਚ ਸਫਲ ਹੋ ਗਏ ਹਨ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਆਨੰਦਪੁਰ ਲੋਕ ਸਭਾ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੀ ਸਮੁੱਚੀ ਕਾਂਗਰਸ ਪੂਰੀ ਤਰਾਂ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਕੁੱਦ ਪਈ ਹੈ ਜੋ ਪਾਰਟੀ ਉਮੀਦਵਾਰ ਦੀ ਜਿੱਤ ਲਈ ਕੋਈ ਕਸਰ ਨਹੀਂ ਰਹਿਣ ਦੇਵੇਗੀ। ਸ੍ਰੀ ਸਿੱਧੂ ਵੱਲੋਂ ਅੱਜ ਇੱਥੇ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਤੇ ਅਸਰਦਾਰ ਬਣਾਉਣ ਲਈ ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਦੀ ਅਹਿਮ ਮੀਟਿੰਗ ਸੱਦੀ ਗਈ।
ਜਿਸ ਵਿੱਚ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕਰੀਬ 36 ਕੌਂਸਲਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸ਼ਹਿਰ ਦੇ ਸਮੂਹ ਕੌਂਸਲਰਾਂ ਨੇ ਸਿੰਗਲਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਲਈ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਸਿੰਗਲਾ ਦੇ ਲੋਕ ਸਭਾ ਵਿੱਚ ਜਾਣ ਨਾਲ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਨਵੇਂ ਦਰਵਾਜੇ ਖੁੱਲਣਗੇ, ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਜਿਤਾਉਣ ਲਈ ਹੁਣੇ ਤੋਂ ਕਮਰ ਕੱਸੇ ਕਰ ਲੈਣੇ ਚਾਹੀਦੇ ਹਨ।
ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਸਦਕਾ ‘ਮੁਹਾਲੀ ਹਲਕੇ’ ਨੇ ਬਹੁਪੱਖੀ ਵਿਕਾਸ ਕੀਤਾ ਹੈ, ਪਰ ਜੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਰਲੀਮੈਂਟ ਮੈਂਬਰ ਵਜੋਂ ਸੇਵਾ ਕਰਨ ਦੀ ਜ਼ਿਮੇਂਵਾਰੀ ਦਿਤੀ ਤਾਂ ਉਹ ਕੇਂਦਰ ਸਰਕਾਰ ਤੋਂ ਨਵੇਂ ਪ੍ਰਾਜੈਕਟ ਲਿਆ ਕੇ ਇਸ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ‘ਕਾਂਗਰਸ‘ ਦੀ ਅਗਵਾਈ ਵਾਲੀ ਸਰਕਾਰ ਬਣਨਾ ਸਮੇਂ ਦੀ ਲੋੜ ਹੈ ਤਾਂ ਕਿ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਵਰਕਰਾਂ ਨੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਾ ਹੀ ਰੰਗ ਲਿਆਉਂਦੀ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਹਨਾਂ ਚੋਣਾਂ ਦੌਰਾਨ ਬੇਰੁਜ਼ਗਾਰੀ ਤੇ ਮਹਿੰਗਾਈ ਉੱਤੇ ਕਾਬੂ ਪਾਉਣ ਦੇ ਨਾਲ ਨਾਲ ਨੌਜਵਾਨਾਂ, ਅੌਰਤਾਂ, ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਗਰੀਬ ਵਰਗਾਂ ਨੂੰ ਉੱਚਾ ਚੁੱਕਣ ਲਈ ਪੰਚ ਨਿਆਂ ਜਾਂ ਪੰਜ ਗਾਰੰਟੀਆਂ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਚੋਣਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਲੜ ਰਹੀ ਹੈ। ਕਾਂਗਰਸ ਪਾਰਟੀ ਦੇ 48 ਪੰਨਿਆਂ ਦੇ ਚੋਣ ਮੈਨੀਫੈਸਟੋ ਵਿੱਚ ਸਰਕਾਰੀ ਨੌਕਰੀਆਂ, ਜਾਤੀ ਜਨਗਣਨਾ, ਗਰੀਬਾਂ ਲਈ ਸਮਾਜਿਕ ਸੁਰੱਖਿਆ ਅਤੇ ਗਰੀਬ ਅੌਰਤਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਦੀ ਗਾਰੰਟੀ ਦਿੱਤੀ ਗਈ ਹੈ, ਜਿਸ ਨਾਲ ਕਾਂਗਰਸ ਦਾ ਜਨ ਅਧਾਰ ਵਧਿਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿੱਚ ਕਿਸਾਨੀ ਸੰਕਟ ਦੇ ਹੱਲ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਦੇ ਜਿਹੜੇ ਹਲਕਿਆਂ ਵਿਚ ਹੁਣ ਤੱਕ ਚੋਣ ਹੋ ਚੁੱਕੀ ਹੈ ਉਨ੍ਹਾਂ ਨੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ਦਾ ਦਾ ਰਾਹ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ‘ਆਪ’ ਪਾਰਟੀ ਵੀ ਪੰਜਾਬ ਦੇ ਭਵਿੱਖ ਲਈ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੋਲ ਪੰਜਾਬ ਦੀ ਤਰੱਕੀ ਲਈ ਕੋਈ ਸੋਚ ਜਾਂ ਨੀਤੀ ਨਹੀਂ ਹੈ ਅਤੇ ਨੀਤੀਹੀਣ ਪੰਜਾਬ ਵਿੱਤੀ ਐਮਰਜੈਂਸੀ ਵੱਲ ਧੱਕਿਆ ਜਾ ਰਿਹਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਵਿੱਚ ਬਦਲਾਅ ਦੀ ਤੀਬਰ ਇੱਛਾ ਉਨ੍ਹਾਂ ਦੀਆਂ ਅੱਖਾਂ ਤੇ ਬੋਲਾਂ ਵਿਚ ਸਪੱਸ਼ਟ ਝਲਕ ਰਹੀ ਹੈ। ਉਹ ਦੋਵੇਂ ਸਿਰਿਆਂ ਤੋਂ ਟੁੱਟੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਲਈ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਜਿਤਾਉਣ।

Load More Related Articles
Load More By Nabaz-e-Punjab
Load More In General News

Check Also

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ

ਐਸਟੀਐਫ਼ ਵੱਲੋਂ 55 ਗਰਾਮ ਹੈਰੋਇਨ ਸਣੇ ਭਗੌੜਾ ਮੁਲਜ਼ਮ ਕਾਬੂ, 8 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ…